ਕੁਝ ਦਿਨ ਪਹਿਲਾਂ ਕਸਬਾ ਕਲਾਨੌਰ ਪੁਲੀਸ ਥਾਣੇ ਅਧੀਨ ਆਉਂਦੀ ਪੁਲੀਸ ਚੌਕੀ ਬਖਸ਼ੀਵਾਲ ਦੇ ਬਾਹਰਵਾਰ ਬੰਬ ਧਮਾਕਾ ਕਰਨ ਨਾਲ ਸਬੰਧਤ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦੇ ਤਿੰਨ ਕਥਿਤ ਮੁਲਜ਼ਮਾਂ ਦੇ ਸੋਮਵਾਰ ਤੜਕੇ ਪੰਜਾਬ ਪੁਲੀਸ ਅਤੇ ਉਤਰ ਪ੍ਰਦੇਸ਼ ਪੁਲੀਸ ਦੀ ਟੀਮ ਨਾਲ ਯੂਪੀ ਦੇ ਪੀਲੀਭੀਤ ਵਿਚ ਹੋਏ ਪੁਲੀਸ ਮੁਕਾਬਲੇ ਵਿਚ ਮਾਰੇ ਗਏ। ਇਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ (25) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰਹੀਮਾਬਾਦ, ਹਾਲ ਆਬਾਦ ਕਲਾਨੌਰ, ਵਰਿੰਦਰ ਸਿੰਘ ਉਰਫ ਰਵੀ (23) ਪੁੱਤਰ ਰਣਜੀਤ ਸਿੰਘ ਪਿੰਡ ਅਗਵਾਨ ਅਤੇ ਜਸ਼ਨਪ੍ਰੀਤ ਸਿੰਘ (18) ਪਿੰਡ ਨਿਕਾ ਸ਼ਹੂਰ (ਕਲਾਨੌਰ) ਵੱਜੋਂ ਹੋਈ ਹੈ। ਇਹ ਤਿੰਨੋਂ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡਾਂ ਤੋਂ ਹਨ। ਬਟਾਲਾ ਅਤੇ ਗੁਰਦਾਸਪੁਰ ਪੁਲੀਸ ਲੰਘੇ ਕਰੀਬ ਪੰਦਰਾਂ ਦਿਨਾਂ ਤੋਂ ਸਰਹੱਦੀ ਖੇਤਰ ਦੇ ਪੁਲੀਸ ਥਾਣਿਆਂ/ਚੌਕੀਆਂ ਉਤੇ ਬੰਬਨੁਮਾ ਹੋਏ ਧਮਾਕਿਆਂ ਲਈ ਜ਼ਿੰਮੇਵਾਰ ਮੁਲਜ਼ਮਾਂ ਤੱਕ ਪਹੁੰਚਣ ਲਈ ਸਰਗਰਮੀ ਨਾਲ ਭਾਲ ਵਿਚ ਜੁਟੀ ਹੋਈ ਸੀ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਬਾਹਰ ਧਮਾਕਾ ਕਰਨ ਦੀ ਜ਼ਿੰਮੇਵਾਰੀ ਵੀ ਡੇਰਾ ਬਾਬਾ ਨਾਨਕ ਖੇਤਰ ਦੇ ਇੱਕ ਪਿੰਡ ਦੇ ਨੌਜਵਾਨ ਜੀਵਨ ਫ਼ੌਜੀ ਨੇ ਲਈ ਸੀ।