ਮੈਂ ਅਕਸਰ ਸੋਚਦਾ ਬਾਪੂ ਨੂੰ ਹੁਣ ਤੁਰ ਜਾਣਾ ਚਾਹੀਦਾ ਹੈ। ਤੇ ਅੱਜ…ਬਾਪੂ ਸਦਾ ਲਈ ਤੁਰ ਗਿਆ ਸੀ। ਤਿੰਨ ਮਹੀਨੇ ਪਹਿਲਾਂ ਹੋਏ ਅਟੈਕ ਕਾਰਨ ਉਸ ਦੇ ਮੰਜਾ ਮੱਲਣ ਕਾਰਨ ਮੈਂ ਉਸ ਨਾਲ ਬੱਝ ਕੇ ਰਹਿ ਗਿਆ ਸਾਂ। ਲੱਗਦੈ ਛੋਟੇ ਬੱਚਿਆਂ ਦੀ ਜ਼ਿੰਮੇਵਾਰੀ, ਕੱਚੀ ਨੌਕਰੀ ਅਤੇ ਇਕੱਲੇਪਣ ਨੇ, ਮੈਨੂੰ ਮੋਹ ਤੋਂ ਸੱਖਣਾ ਕਰ ਦਿੱਤਾ ਹੋਵੇ? ਇਕਦਮ ਮੇਰੀ ਸੋਚ ਬਦਲ ਗਈ ਸੀ ਬਾਪੂ ਬਾਰੇ।
ਸੇਵਾ, ਫ਼ਰਜ਼, ਜ਼ਿੰਮੇਵਾਰੀ ਸ਼ਬਦ ਮੈਨੂੰ ਜ਼ਹਿਰ ਲੱਗਦੈ.. ਕੀ ਕਰਾਂ..? ਇਸ ਕੋਲ ਬੈਠਾ ਰਹਾਂ, ਜਾਂ ਕੰਮ ’ਤੇ ਜਾਵਾਂ, ਬੱਚਿਆਂ ਨੂੰ ਸਕੂਲੇ ਸਮੇਂ ਸਿਰ ਤੋਰਾਂ ਤੇ ਲੈ ਕੇ ਘਰ ਪਰਤਾਂ.. ਦੁਆਈ ਕਾਰਨ ਵਧੇ ਖ਼ਰਚੇ ਨੇ ਵੀ ਮੋਹ ਵਰਗੇ ਸ਼ਬਦਾਂ ਨੂੰ ਜੰਗਾਲ ਲਗਾ ਦਿੱਤਾ ਸੀ।
ਪਰ ਬੀਤੀ ਰਾਤ।
ਬਾਪੂ ਜ਼ਿਆਦਾ ਔਖਾ ਹੋ ਗਿਆ ਸੀ। ਸਾਹ ਕਦੇ ’ਰਾਮ ਨਾਲ ਲੈਂਦਾ ਤੇ ਕਦੇ ਔਖਾ ਹੋ ਲੰਮੇ-ਲੰਮੇ ਸਾਹ ਖਿੱਚਦਾ। ਪਤਾ ਨਹੀਂ ਕਿਸ ਨਾਲ ਆਪੇ ਗੱਲਾਂ ਕਰ ਰਿਹਾ ਸੀ
‘ਕੀ ਗੱਲ..? ਕੁਝ ਚਾਹੀਦਾ..?’ ਮੈਂ ਲਾਗੇ ਲੰਮੇ ਪਏ ਨੇ ਪੁੱਛਿਆ।
‘ਨਹੀਂ ਕੁਝ ਨਹੀਂ…ਆ ਤੇਰੀ ਮਾਂ ਸੁਪਨੇ ਆਈ … ਕਹਿੰਦੀ, ‘ਪਿੰਡ ਵਾਲੇ ਘਰ ’ਚ ਕਮਰਾ ਤਿਆਰ ਹੋ ਗਿਐ, ਬੱਤੀ ਦਾ ਕਨੈਕਸ਼ਨ ਲਵਾਣੈ… ਛੇ ਸੌ ਰੁਪੈ ਥੁੜਦਾ… ਜਲਦੀ ਆ ਕੇ ਜਮ੍ਹਾਂ ਕਰਾਂ ਦੇ … ਬਾਪੂ ਦੇ ਬੋਲਾਂ ’ਚ ਅੰਤਾਂ ਦਾ ਠਰੰਮਾ ਸੀ.
ਪਤਾ ਨਹੀਂ ਬਾਪੂ ਦੇ ਇਨ੍ਹਾਂ ਬੋਲਾਂ ਨਾਲ ਮੈਂ ਅੰਦਰੋਂ ਧੁਰ ਤੱਕ ਕੰਬ ਜਿਹਾ ਗਿਆ। ਅੰਦਰੋਂ
ਪਤਾ ਨਹੀਂ ਕਿਹੋ ਜਿਹਾ ਉਬਾਲ ਉਠਿਆ ਸੀ।
‘ਚਾਹ ਪੀਣੀ…ਬਣਾਵਾਂ….?’ ਆਪਣੇ ਧਿਆਨ ਨੂੰ ਦੂਸਰੇ
ਪਾਸੇ ਲਾਉਣ ਵਾਸਤੇ ਬਾਪੂ ਨੂੰ ਸਹਿਜੇ ਪੁੱਛਿਆ।
‘ਚੱਲ ਬਣਾ ਲੈ…।’ ਬਾਪੂ ਦੀ ਆਵਾਜ਼ ਕਿਸੇ ਖੂਹ ਵਿਚੋਂ
ਆਉਂਦੀ ਲੱਗੀ
‘ਏਸ ਵੇਲੇ ਚਾਹ? ਇਸ ਨੇ ਤਾਂ ਕਦੇ ਇਨ੍ਹਾਂ ਦਿਨਾਂ ਵਿਚ ਵੀ ਦਾਤਣ ਕੁਰਲਾ ਬਿਨਾਂ ਨਹੀਂ ਪੀਤੀ ਤੇ ਫਿਰ ਅੱਜ…?’
ਅਚਾਨਕ ਇਹ ਸਵਾਲ ਮੇਰੇ ਮੱਥੇ ਵਿਚ ਤੀਰ ਵਾਂਗ ਵੱਜਾ।
‘ਚੱਲ ਉੱਠ…ਢੋਅ ਲਾ ਲੈ…।’ ਮੈਂ ਸਿਰਾਣਾ ਲੱਕ ਪਿੱਛੇ ਲਾ ਬਾਪੂ ਨੂੰ ਆਖਿਆ।
ਤੇ ਆਪ ਰਸੋਈ ਵਿਚ ਚਾਹ ਬਣਾਉਣ ਲੱਗ ਪਿਆ।
ਪਤਾ ਨਹੀ, ਅੱਜ ਮੇਰਾ ਮਨ ਅਸਹਿਜ ਕਿਉਂ ਸੀ?
ਪਾਣੀ ਪਤੀਲੇ ਵਿਚ ਪਾ ਕਿਸੇ ਹੋਣੀ ਨੂੰ ਦਰਕਿਨਾਰ ਕਰ ਬਾਪੂ ਬਾਰੇ ਸੋਚ ਰਿਹਾ ਸੀ।
ਏਸ ਬੰਦੇ ਨੇ ਸਾਰੀ ਉਮਰ ਲੋਹੇ ਨਾਲ ਘੁਲਦੇ ਕੱਟੀ ਸੀ, ਪਰ ਕਦੇ ‘ਸੀ’ ਤੱਕ ਨਹੀ ਸੀ ਕੀਤੀ?
‘ਵੇਖ ..ਮੇਰੀ ਸਾਰੀ ਉਮਰ ਕਾਲੇ ਹੱਥਾਂ ਨਾਲ ਲੰਘ ਗਈ, ਲੋਹੇ ਨਾਲ ਘੁਲਦੇ ਪਰ ਤੂੰ ਪੜ੍ਹਨਾ ..।’ ਬਾਪੂ ਦੇ ਅਕਸਰ ਏਹ ਬੋਲ ਹਰ ਪਲ ਮੇਰੇ ਜੀਵਨ ਦਾ ਹਿੱਸਾ ਹੁੰਦੇ।
“ਵੇਖੀ ਪੁੱਤ…ਆਪਣੇ ਪਿਉ ਦੀ ਮੇਹਨਤ ਨੂੰ ਸਦਾ ਯਾਦ ਰੱਖੀ, ਸਵੇਰੇ ਜਾਂਦਾ, ਕਦੇ ਏਸ ਰੱਜ ਕੇ ਖਾਧਾ ਨਹੀਂ, ਨਾ ਹੰਢਾਇਆ, ਨਾ ਪਾਇਆ, ਬਸ ਮੇਰੇ ਸ਼ੇਰੇ.. ਏਸ ਨੂੰ ਕੁਝ ਬਣ ਕੇ ਦੱਸੀ।’
ਮਾਂ ਦੇ ਇਹ ਬੋਲ ਬਾਪੂ ਦੇ ਦੁਕਾਨ ਜਾਣ ਮਗਰੋਂ ਸਦਾ ਮੇਰੀ ਸੋਚ ਨੂੰ ਟੰਗਦੇ ਰਹਿੰਦੇ ।
ਪਤਾ ਨਹੀਂ ਕਿੱਥੇ ਪਹੁੰਚ ਗਿਆ ਸਾਂ, ਜੇਕਰ ਗਰਮ ਪਾਣੀ ਉਬਲ ਕੇ ਬਾਹਰ ਨਾ ਆਉਂਦਾ।
‘ਲੈ ..ਚਾਹ ਪੀ’, ਸਟੀਲ
ਦਾ ਗਿਲਾਸ ਬਾਪੂ ਦੇ ਹੱਥ ਫੜਾਉਂਦੇ ਕਿਹਾ।
ਬਾਪੂ ਹੁਣ ਵੀ ਸਹਿਜ ਸੀ। ਚੁੱਪ ਚਪੀਤੇ ਉਸ ਚਾਹ ਦਾ ਗਿਲਾਸ ਫੜ ਸਾਹਮਣੇ ਲੱਗੇ ਦਸਵੇਂ ਪਾਤਸ਼ਾਹ ਦੇ ਕੈਲੰਡਰ ਵੱਲ ਟਿਕਾਟਿਕੀ ਲਗਾ ਵਹਿੰਦਾ ਰਿਹਾ।
ਅੱਧੀ ਰਾਤ ਬਾਪੂ ਸਹਿਜ ਸੀ, ਮੈਂ ਅਸਹਿਜ। ਬਾਪੂ ਸ਼ਾਂਤ ਸੀ ਤੇ ਮੈਂ ਅਸ਼ਾਂਤ। ਬਾਪੂ ਅੱਜ ਠੀਕ ਹੋ ਰਿਹਾ ਸੀ ਤੇ ਮੈਂ…?
‘ਯਾਰ, ਇਕ ਗੱਲ ਮੰਨੇਂਗਾ?’ ਬਾਪੂ ਦਾ ਸਵਾਲ ਸਿੱਧਾ ਹਿੱਕ
ਵਿਚ ਵੱਜਾ।
‘ਹਾਂ, ਕਿਉਂ ਨਹੀਂ।’ ਮੈਂ ਸਹਿਜੇ ਜਵਾਬ ਦਿੱਤਾ।
‘ਘਰ ਜਲਦੀ ਆ ਜਾਇਆ ਕਰ, ਨਿਆਣੇ ਇੱਕਲੇ ਹੁੰਦੇ।’ ਬਾਪੂ ਛੋਟੇ ਸਾਹਿਬਜ਼ਾਦਿਆਂ
ਦੀ ਫੋਟੋ ਨੂੰ ਮੱਥਾ ਟੇਕਦਾ
ਮਹਿਸੂਸ ਹੋਇਆ।
‘ਕੋਈ ਨਹੀਂ, ਆ ਜਾਇਆ ਕਰੂ?’ ਤੂੰ ਹੈ ਨਾ ਬੈਠਾ… ਤੇਰੇ ਹੁੰਦੈ ਕਾਹਦੈ ਇਕੱਲੇ?’ ਮੈਂ ਅਜੇ ਵੀ ਮਨ ਨੂੰ ਤਕੜਾ ਰੱਖਣ ਦੀ ਅਸਫਲ ਕੋਸ਼ਿਸ਼ ਕਰਦੇ ਕਿਹਾ। ਪਰ ਪਤਾ ਨਹੀ ਕਿਉਂ ਅੰਦਰੋ ਇਕ ਹੌਲ ਜਿਹਾ ਫਿਰ ਪਿਆ। ਬਾਪੂ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸੀ।
ਤਿੰਨ ਮਹੀਨੇ ਦੀ ਅਵਾਜਾਰੀ, ਪਤਾ ਨਹੀ ਕਿੱਥੇ ਚਲੀ ਗਈ ਸੀ? ਮਨ ਦਾ ਜੰਗਾਲਿਆ ਮੋਹ, ਪਤਾ ਨਹੀ, ਕਿਸ ਤਰ੍ਹਾਂ ਲਿਸ਼ਕ ਕੇ ਮਨ ਦੀ ਕਿਸੇ ਤਹਿ ਵਿੱਚੋਂ ਨਿਕਲ ਕੇ ਬਾਪੂ ਦੇ ਚਿਹਰੇ ਵੱਲ ਵੇਖੀ ਜਾਣ ਨੂੰ ਮਜਬੂਰ ਕਰ ਰਿਹਾ ਸੀ।
‘ਲੈ ਗਿਲਾਸ ਥੱਲੇ ਰੱਖ ਦੇ…’ ਬਾਪੂ ਦੇ ਇਨ੍ਹਾਂ ਬੋਲਾਂ ਨੇ ਮੇਰੀ ਸੁਰਤ ਨੂੰ ਤੋੜਿਆ।
‘ਮੈਂ ਤੇਰੇ ਨਾਲ ਲੰਮੇ ਪੈ ਜਾਵਾਂ…?’ ਗਿਲਾਸ ਥੱਲੇ ਰੱਖ ਮੇਰੇ ਮੂੰਹੋਂ ਪਤਾ ਨਹੀਂ, ਇਹ ਸ਼ਬਦ ਕਿੰਝ ਨਿਕਲ ਗਏ।
‘ਆ ਜਾ, ਮੇਰੇ ਪੁੱਤ, ਸੌ ਜਾ ਆਰਾਮ ਨਾਲ, ਸਵੇਰੇ ਬੱਚਿਆ ਨੂੰ ਸਕੂਲੇ ਤੋਰਨਾ।’ ਬਾਪੂ ਦੇ ਬੋਲਾਂ ਵਿਚ ਅੰਤਾਂ ਦੀ ਮਿਠਾਸ ਸੀ।
ਵੀਹਾਂ ਸਾਲਾਂ ਦੇ ਵਕਫੇ ਬਾਦ ਅੱਜ ਮੈਂ ਫਿਰ ਦੋ ਬੱਚਿਆਂ ਦਾ ਪਿਉ ਬਾਪੂ ਦੀ ਬਾਂਹ ’ਤੇ ਲੰਮੇ ਪਿਆ ਸਾਂ। ਅੱਜ ਬਾਪੂ ਦੀ ਦਿਲ ਦੀ ਧੜਕਣ ਉਸੇ ਤਰ੍ਹਾਂ ਦੀ ਸੀ, ਜਦੋਂ ਛੋਟੇ ਹੁੰਦੇ ਕਦੇ ਡਰ ਲੱਗਣਾ, ਉਸ ਨਾਲ ਲੰਮੇ ਪੈ ਕੇ ਸੁਣਨੀ ਤੇ ਮੈਂ ਉਸ ਨਾਲ ਘੁੱਟ ਕੇ ਲੱਗ ਜਾਣਾ…ਤੇ ਡਰ…?
ਪਤਾ ਨਹੀਂ ਕਿਉ ਰੋਣ ਜਿਹਾ ਆ ਰਿਹਾ ਸੀ।
‘ਇਕ ਗੱਲ ਯਾਦ ਰੱਖੀ, ਮੁਸ਼ਕਿਲਾਂ ਆਉਂਦੀਆਂ ਨੇ ਪਰ ਘਬਰਾਈ ਨਾ…।’ ਬਾਪੂ ਦੇ ਇਨ੍ਹਾਂ ਬੋਲਾਂ ਨੇ ਮੈਨੂੰ ਫਿਰ ਜਾਗੋ ਮੀਟੀ ਨੀਂਦ ਵਿੱਚੋਂ ਜਗਾ ਦਿੱਤਾ।
‘ਤੇ ਤੂੰ ਹੈ ਨਾ … ਮੈਂ ਕਿਉਂ ਘਬਰਾਉਣਾ….?’ ਅੱਧ ਸੁੱਤੇ
ਮੈਂ ਕਿਹਾ……ਪਤਾ ਨਹੀਂ ਿਫਰ
ਕਦੋਂ ਨੀਦ ਆ ਗਈ। ਬਾਪੂ ਦਾ ਹੱਥ ਅੱਜ ਮੇਰੇ ਸਿਰ ਦੇ ਵਾਲਾਂ ਵਿਚ ਉਸੇ ਤਰ੍ਹਾਂ ਫਿਰਦਾ ਲੱਗਾ, ਜਦੋਂ ਕਦੇ ਬਚਪਨ ਵਿਚ ਬੀਬੀ ਨਾਲ ਨਾਰਾਜ਼ ਹੋ ਬਾਪੂ ਨਾਲ
ਲੰਮੇ ਆ ਪੈਣਾ ਤੇ ਉਸਨੇ ਸਾਰੀ ਰਾਤ ਵਾਲਾਂ ਅੰਦਰ ਹੱਥ ਫੇਰਦੇ ਗੱਲਾਂ ਕਰਦੇ ਮਾਂ ਨਾਲ ਸੁਲਾਹ ਕਰਾ ਦੇਣੀ।
‘ਯਾਰ ,… ਉਠ ਦਿਨ ਚੜ੍ਹ ਗਿਐ, ਬੱਚਿਆਂ ਨੂੰ ਤਿਆਰ ਕਰ, ਸਕੂਲੇ ਜਾਣਾ।’ ਬਾਪੂ ਦੇ ਇਨ੍ਹਾਂ ਬੋਲਾਂ ਨੇ ਚੰਗੇ ਦਿਨ
ਚੜ੍ਹੇ ਜਗਾਇਆ।
ਅੱਬੜਵਾੜੇ ਉੱਠ ਕੇ ਘੜੀ ਵੱਲ ਵੇਖਿਆ…. ਸੱਤ ਵੱਜ
ਗਏ ਸਨ….
ਬਾਪੂ ਅੱਜ ਅੱਗੇ ਨਾਲੋਂ
ਕਈ ਹਿੱਸੇ ਠੀਕ ਸੀ। ਮਨ
ਸਹਿਜ ਲੱਗਾ।
‘ਚਾਹ ਬਣਾਵਾਂ’? ਬਾਪੂ ਦੇ ਚਿਹਰੇ ’ਤੇ ਇੱਕ ਅਨੋਖੀ ਰੌਣਕ ਨੂੰ ਵੇਖ ਕੇ ਆਖਿਆ
‘ਨਹੀਂ’, ਪਹਿਲਾਂ ਬੱਚਿਆਂ ਨੂੰ ਤਿਆਰ ਕਰ ਲੈ।’ ਬਾਪੂ ਦਾ ਜਵਾਬ ਸੀ।
‘ਯਾਰ, ਆਈਂ ਇੱਕ ਮਿੰਟ, ਗੁਸਲਖਾਨੇ ਤੱਕ ਛੱਡ ਆ’…ਵੱਡੇ ਮੁੰਡੇ ਦੀ ਟਾਈ ਬੰਨ੍ਹਦਿਆਂ ਬਾਪੂ ਦੇ ਇਹ ਬੋਲ ਕੰਨੀ ਪਏ।
ਮੋਢੇ ਦਾ ਆਸਰਾ ਦੇ ਬਾਪੂ ਨੂੰ ਗੁਸਲਖਾਨੇ ਛੱਡ ਮੈਂ ਫਿਰ ਕੰਮੀ ਲੱਗ ਗਿਐ ਸਾਂ।
ਇੱਕ ਮਿੰਟ..ਦੋ ਮਿੰਟ… ਪੰਜ ਮਿੰਟ, ਬਾਪੂ ਗੁਸਲਖਾਨੇ ਵਿਚੋਂ ਬਾਹਰ ਨਹੀਂ ਸੀ ਆਇਆ।
ਪਤਾ ਨਹੀਂ ਮਨ ਨੂੰ ਕਿਉਂ ਕਾਹਲੀ ਜਿਹੀ ਪਈ।
ਸਭ ਕੁਝ ਵਿਚਕਾਰ ਛੱਡ ਕੇ …..ਮੈਂ ਗੁਸਲਖਾਨੇ ਦਾ ਦਰਵਾਜ਼ਾ ਖੋਿਲ੍ਹਆ, ਬਾਪੂ ਸ਼ਾਂਤ ਚਿੱਤ
ਲੰਮੇ ਪਿਆ ਸੀ….ਤੇ ਭੌਰ ਪਤਾ ਨਹੀਂ ਕਿੱਥੇ .?
ਉਚੀਆਂ ਲੇਰਾਂ, ਪਤਾ ਨਹੀਂ ਕਿੱਥੋਂ ਨਿਕਲ ਰਹੀਆਂ ਸਨ…. ‘ਮੋਹ’ ਪਤਾ ਨਹੀਂ ਕਿਸ ਤਰ੍ਹਾਂ ਜ਼ਿੰਦਾ ਹੋ ਗਿਆ ਸੀ। ਬਾਪੂ ਨੇ ਹੁਣ ਕਦੇ ਨਹੀਂ ਸੀ ਮਿਲਣਾ… ਨਾ ਏਸ ਜਹਾਨ ਅੰਦਰ…ਨਾ ਉਸ ਜਹਾਨ ਅੰਦਰ…
ਗੁਆਚੇ ਪਲਾਂ ਅੰਦਰ ਬਾਪੂ ਦੀ ਦੇਹ ਕੋਲ ਬੈਠਾ ਇਹੀ ਸੋਚੀ ਜਾ ਰਿਹਾ ਸਾਂ ਕਿ ਬਾਪੂ ਤੈਨੂੰ ਕਦੇ ਨਹੀਂ ਸੀ ਜਾਣਾ ਚਾਹੀਦਾ ਮੈਨੂੰ ਛੱਡ ਕੇ।
ਤੇ … ਕਿ …ਅੱਜ…. ਮੈਂ ਸੱਚੀ ਇਕੱਲਾ ਰਹਿ ਗਿਆ ਸਾਂ….?…ਜੇਕਰ ਛੱਡ ਹੀ ਜਾਣਾ ਸੀ, ਤਾਂ… ਜੰਮਿਆ ਹੀ ਕਿਉਂ ਸੀ…. ਇਹ
ਸੋਚ ਤੇ ਬੋਲ ਸ਼ਾਇਦ ਅਲੱਗ ਤਰ੍ਹਾਂ ਦੇ ਸਨ, ਜੋ ਬਾਪੂ ਦੀ ਦੇਹ ਕੋਲ ਬੈਠੇ ਮੇਰੇ ਿਜ਼ਹਨ ਵਿਚ
ਡੰਗ ਮਾਰ ਰਹੇ ਸਨ…. ਤੇ ਮੈਂ
ਘੁਲ ਰਿਹਾ ਸਾਂ…ਆਪਣੇ ਆਪ ਨਾਲ … ਮੈਂ …ਹੈ ਵੀ ਕਿ ਜਾਂ ਨਾ,… ਏਸ ‘ਹੈ’ ਤੋਂ ‘ਸੀ’ ਹੋਇਆ ਇਸ ਬੰਦੇ ਬਿਨਾਂ…।
ਬੜੇ ਦਿਨਾਂ ਦਾ ਔਖਾ ਸੀ ਬਾਪੂ… ਖਿੱਝ ਗਿਆ ਸਾਂ …ਉਸਦੀ ਬਿਮਾਰੀ ਤੋਂ… ਪਰ…ਮੈਨੂੰ ਪਤਾ ਨਹੀਂ ਕਿਉਂ…?
ਗੁੱਸਾ ਬਾਪੂ ’ਤੇ ਕਦੇ ਨਹੀਂ ਸੀ ਆਉਂਦਾ …. ਆਉਂਦਾ ਸੀ ਮਾਂ
’ਤੇ… ਮੈਂ ਸੋਚਦਾ… ਮਰਨ ਦੀ ਵੀ ਕਾਹਦੀ ਕਾਹਲ ਸੀ ਉਸ ਨੂੰ… ਦੱਸ ਕੀ ਕਰਾਂ ਹੁਣ …?… ਤੁਰ ਗਈ
ਸਾਂ ਔਹ… ਜ਼ਿੰਦਗੀ ’ਚ ਸਹੇੜੇ ਝੰਜਟਾਂ ਨਾਲ ਲੜਨ ਵਾਸਤੇ ਇਕੱਲੇ ਨੂੰ ਛੱਡ ਕੇ… ਤੇ ਲੜਨਾ… ਅਜੇ ਸ਼ੁਰੂ ਵੀ ਨਹੀਂ ਸੀ ਕੀਤਾ ਤੇ …ਤੇ…. ਆਪ ਤੁਰਦੀ ਬਣੀ ਸਾਂ … ਉਨ੍ਹਾਂ ਸਫ਼ਰਾਂ ਤੇ… ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਹੁੰਦਾ… ਤੇ ਮੈਂ …. ਅੱਜ … ਬਾਪੂ ਦੀ ਦੇਹ ਕੋਲ ਬੈਠਾ ਵੀ ਮਾਂ ਨੂੰ ਪਤਾ ਨਹੀਂ ਕਿਉਂ ਯਾਦ ਕਰ ਰਿਹਾ ਸਾਂ….. ਵੀਹ ਵਰ੍ਹੇ ਪਹਿਲਾਂ ਔਹ ਵੀ ਤੁਰ ਗਈ ਸੀ ਚੁੱਪ ਚੁਪੀਤੇ…. ਖ਼ਾਮੋਸ਼…. ਮੈਨੂੰ ਦੱਸੇ ਬਿਨਾਂ… ਜਿੱਥੇ ਗਿਆ ਕੋਈ ਪਰਤਦਾ ਹੀ ਨਈ….ਤੇ ਸ਼ਾਇਦ ਇਹੋਂ ਕਾਰਣ ਸੀ…ਮਾਂ ਦੀ ਯਾਦ ਦਾ ਪੰਛੀ ਸਦਾ ਮੇਰੇ ਚੇਤਿਆਂ ਦੇ ਟਾਹਣਾਂ ਤੋਂ ਉੱਡਿਆ ਹੀ ਨਹੀਂ ਸੀ …ਤੇ ਅੱਜ…
ਬਾਪੂ…… ਵੀ ਤੁਰ ਗਿਆ ਸੀ … ਉਨ੍ਹਾਂ ਰਾਹਾਂ ਦਾ ਪਾਂਧੀ ਬਣ ਕੇ…ਜਿੱਥੇ ਕਦੇ ਵਾਪਸੀ ਦੀਆਂ ਪੈੜਾਂ ਨਹੀਂ ਉਸਰਦੀਆਂ…ਹੁਣ ਉਸ ਕਦੇ ਨਹੀਂ ਸੀ ਪਰਤਣਾ….
‘ਚੱਲ ਛੱਡ ,ਉੱਠ ਹੁਣ … ਰੋ ਕੇ ਕਿਹੜਾ ਏਨੇ ਵਾਪਸ ਆ ਜਾਣਾ’। ਚਾਚੇ ਦੇ ਬੋਲਾਂ ਨੇ ਫਿਰ ਮਾਂ ਕੋਲੋਂ ਖਿੱਚ ਬਾਪੂ ਦੀ ਦੇਹ ਕੋਲ ਲਿਆ ਖੜ੍ਹਾ ਕੀਤਾ ਸੀ….
‘ਚਾਚਾ…ਬਾਪੂ ਹੁਣ ਕਦੇ ਨਹੀਂ ਮਿਲਣਾ’..ਪਤਾ ਨਈ ਇਹ ਬੋਲ ਕਿੱਦਾਂ ਪੁੱਛ ਬੈਠਾ ਸਾਂ…?
‘ਸਿਆਣਾ ਬਣ…ਬਾਲ ਪਰਿਵਾਰ ਐ, ਜ਼ਿੰਮੇਵਾਰ ਬਣ…ਨਿਆਣੇ ਛੋਟੇ …ਉਹ ਉਮਰ ਭੋਗ ਕੇ ਮਰਿਆ… ਐਂਵੇ ਰੋਈ ਜਾਂਦਾ …ਚੱਲ ਮੁਕਾ ਕੰਮ ਬਾਕੀ …ਬਾਹਰੋਂ ਆਏ ਲੋਕਾਂ ਵੀ ਆਪਣੇ ਘਰਾਂ ਨੂੰ ਵਾਪਸ ਪਰਤਣਾ।’ ਚਾਚੇ ਦੀ ਮਿੱਠੀ ਘੂਰੀ ਫਰਜ਼ ਜਿਤਾਉਣ ਲਈ ਕਾਫੀ ਸੀ।
ਲੱਕੜਾਂ ਵਿਚ ਚਿਣ ਦਿੱਤਾ ਸੀ ਬਾਪੂ…..ਭਾਈ ਨੇ ਕੀਰਤਨ ਸੋਹਿਲਾ ਦਾ ਪਾਠ ਕਰ ‘ਘਲਿ ਆਇ ਨਾਨਕਾ ਸਦਿ ਉਠਿ
ਜਾਇ’ ਦੇ ਪਾਵਨ ਬੋਲ ਬੋਲਦਿਆਂ ਲਾਂਬੂ ਲਾਉਣ ਦਾ ਇਸ਼ਾਰਾ ਕਰ ਦਿੱਤਾ ਸੀ…
‘ਚੰਗਾ ਵੀਰ ਚੱਲਦੀਆਂ’…ਭੋਗ ’ਤੇ ਆਉਂਦੀਆਂ….. ਵੱਡੀ ਤੋਂ ਛੋਟੀ ਨੇ ਸਹਿਜ ਹੁੰਦੇ ਆਖਿਆ…
‘ਠੀਕ ਐ…’ ਮੇਰੇ ਬੋਲ ਕਿਸੇ ਖੂਹ ਵਿੱਚੋਂ ਆਉਂਦੀ ਆਵਾਜ਼ ਲੱਗੇ।
ਮੇਰੀ ਵੀ ‘ਐਮਰਜੈਂਸੀ ‘ਏ, ਜਾਣਾ ਪੈਣਾ…, ‘ਨਾਲ’ ਦੀ ਨੇ ਸਪੱਸ਼ਟ ਫੈਸਲਾ ਸੁਣਾਇਆ..ਹੂੰਅਅਅ…. ਮੇਰਾ ਜੁਆਬ ਸੀ… … ਬੇਗਿਣਤ ਚਿਹਰਿਆਂ ਦੀ ਭੀੜ ਵਿੱਚ ਸਿਵਿਆਂ ਤੋਂ ਗੁਰਦੁਆਰਾ ਸਾਿਹਬ ਤੱਕ, ਤੇ ਫਿਰ ਅਲਾਹੁਣੀਆਂ ਦਾ ਪਾਠ ਸੁਣਨ ਤੱਕ… ਇਕੱਲਾ ਸਾਂ…..
ਬਾਹਰ ਨਿਕਲ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਸਿਰ ਝੁਕਾਉਣ ਮਗਰੋਂ …. ਦੇਖਿਆ ਬਾਪੂ ਮੇਰੇ ਨਾਲ ਸੀ…. ਜਿਸ ਨੂੰ ਅਗਨ ਭੇਟ ਕਰ ਆਇਆ ਸਾਂ…ਤੁਰ ਰਿਹਾ ਸੀ ਮੇਰੇ ਨਾਲ ਨਾਲ.. ਬਾਪੂ ਸੀ ਮੇਰੇ ਅੰਗ ਸੰਗ…..ਪਰ ਇਸ ਸਭ ਕਾਸੇ ਦੇ ਬਾਵਜੂਦ ਹੁਣ ਮੈਂ ਪਤਾ ਨਹੀਂ ਕਿਸ ਤਰ੍ਹਾਂ ਅਤੇ ਕਿਉਂ….? ਸੋਚ ਰਿਹਾ ਸੋਚ ਸਾਂ …. ਕਿ ਬਾਪੂ, ਤੈਨੂੰ ਛੱਡ ਕੇ… ਨਹੀਂ ਸੀ ਜਾਣਾ ਚਾਹੀਦਾ…
ਪ੍ਰੋ. ਮਨਜੀਤ ਅਣਖੀ