ਮਾਸਕੋ ਨੇੜੇ ਵਾਪਰੇ ਕਾਰ ਬੰਬ ਧਮਾਕੇ ‘ਚ ਚੋਟੀ ਦੇ ਰੂਸੀ ਜਨਰਲ ਦੀ ਮੌਤ

ਮਾਸਕੋ,ਰੂਸ: ਸ਼ੁੱਕਰਵਾਰ ਨੂੰ ਮਾਸਕੋ ਨੇੜੇ ਵਾਪਰੇ ਇੱਕ ਕਾਰ ਬੰਬ ਧਮਾਕੇ ਵਿਚ ਇੱਕ ਚੋਟੀ ਦੇ ਰੂਸੀ ਜਨਰਲ ਦੀ ਮੌਤ ਹੋ ਗਈ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇੱਕ ਅੱਤਵਾਦੀ ਕਾਰਾ ਕਰਾਰ ਦਿੱਤਾ ਹੈ। ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰੱਖਿਆ ਮੰਤਰਾਲੇ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ, ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਮੌਤ ਇੱਕ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ ਦੇ ਫਟਣ ਨਾਲ ਹੋਈ ਹੈ।
ਜਾਂਚ ਕਮੇਟੀ ਦੀ ਤਰਜਮਾਨ ਸਵੇਤਲਾਨਾ ਪੀਤਰਨਕੋ ਨੇ ਕਿਹਾ, ”ਘਟਨਾ ਸਥਾਨ ‘ਤੇ ਡਿਵਾਈਸ ਦੇ ਟੁਕੜੇ ਮਿਲੇ ਹਨ ਅਤੇ ਉਹ ਜਾਂਚ ਲਈ ਭੇਜ ਦਿੱਤੇ ਗਏ ਹਨ।” 59 ਸਾਲਾ ਮੋਸਕਾਲਿਕ ਨੇ ਵੱਖ-ਵੱਖ ਅਭਿਆਨਾ ਵਿਚ ਰੱਖਿਆ ਮੰਤਰਾਲੇ ਦੀ ਨੁਮਾਇੰਦਗੀ ਕੀਤੀ ਸੀ । ਇਸਦੀ ਤੁਰੰਤ ਪੁਸ਼ਟੀ ਨਹੀਂ ਹੋਈ ਹੈ ਕਿ ਕੀ ਉਨ੍ਹਾਂ ਦੀ ਹੱਤਿਆ ਸ਼ੁੱਕਰਵਾਰ ਨੂੰ ਬਾਅਦ ਵਿਚ ਕ੍ਰੈਮਲਿਨ ਨਾਲ ਅਮਰੀਕੀ ਰਾਜਦੂਤ ਸਟੀਵ ਵਿਟਕੋਫ ਦੀ ਯੂਕਰੇਨ ਮੁੱਦੇ ਉਤੇ ਹੋਣ ਵਾਲੀ ਗੱਲਬਾਤ ਨਾਲ ਜੁੜੀ ਹੋਈ ਸੀ ਜਾਂ ਨਹੀਂ । ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਜਨਰਲ ਦੀ ਹੱਤਿਆ ਨੂੰ ”ਅੱਤਵਾਦੀ ਕਾਰਵਾਈ” ਕਰਾਰ ਦਿੱਤਾ ਹੈ।

Spread the love