ਚੰਡੀਗੜ੍ਹ ਦੇ ਨੈਕਸਸ ਏਲਾਂਤੇ ਮਾਲ ਵਿੱਚ ਖਿਡੌਣਾ ਰੇਲ ਗੱਡੀ ਪਲਟਣ ਕਰਕੇ 11 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਾਹਬਾਜ਼ ਸਿੰਘ (11) ਵਾਸੀ ਨਵਾਂ ਸ਼ਹਿਰ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਖਿਡੌਣਾ ਰੇਲ ਗੱਡੀ ਅਪਰੇਟਰ ਸੌਰਵ ਵਾਸੀ ਬਾਪੂ ਧਾਮ ਕਲੋਨੀ ਅਤੇ ਏਲਾਂਤੇ ਮਾਲ ਵਿੱਚ ਖਿਡੌਣਾ ਰੇਲ ਗੱਡੀ ਚਲਾਉਣ ਵਾਲੀ ਕੰਪਨੀ ਦੇ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਬਾਜ਼ ਆਪਣੇ ਪਰਿਵਾਰ ਨਾਲ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਘੁੰਮਣ ਆਇਆ ਸੀ। ਉਹ ਏਲਾਂਤੇ ਮਾਲ ਵਿੱਚ ਖਿਡੌਣਾ ਰੇਲ ਗੱਡੀ ਵਿੱਚ ਝੂਟੇ ਲੈ ਰਿਹਾ ਸੀ। ਉਸੇ ਦੌਰਾਨ ਖਿਡੌਣਾ ਰੇਲ ਗੱਡੀ ਅਚਾਨਕ ਪਲਟ ਗਈ ਅਤੇ ਸ਼ਾਹਬਾਜ਼ ਦਾ ਸਿਰ ਜ਼ਮੀਨ ’ਤੇ ਜਾ ਵੱਜਿਆ ਅਤੇ ਉਸ ਉਪਰ ਗੱਡੀ ਦਾ ਡੱਬਾ ਡਿੱਗ ਗਿਆ। ਘਟਨਾ ਤੋਂ ਤੁਰੰਤ ਬਾਅਦ ਸ਼ਾਹਬਾਜ਼ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਅੱਜ ਸ਼ਾਹਬਾਜ਼ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਏਲਾਂਤੇ ਮਾਲ ’ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਜਤਿੰਦਰਪਾਲ ਸਿੰਘ ਵਾਸੀ ਨਵਾਂ ਸ਼ਹਿਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ।
ਥਾਣਾ ਇੰਡਸਟਰੀਅਲ ਏਰੀਆ ਦੀ ਐੱਸਐੱਚਓ ਊਸ਼ਾ ਕੁਮਾਰੀ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਜਤਿੰਦਰਪਾਲ ਸਿੰਘ ਦੀ ਸ਼ਿਕਾਇਤ ’ਤੇ ਖਿਡੌਣਾ ਰੇਲ ਗੱਡੀ ਦੇ ਅਪਰੇਟਰ ਸੌਰਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਮਗਰੋਂ ਸ਼ਾਹਬਾਜ਼ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲੀਸ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਘਟਨਾ ਤੋਂ ਬਾਅਦ ਮਾਲ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਐਂਬੂਲੈਂਸ ਤੇ ਮੁੱਢਲੀ ਸਹਾਇਤਾ ਵੀ ਨਹੀਂ ਦਿੱਤੀ ਤੇ ਨਾ ਹੀ ਹਸਪਤਾਲ ਲਿਜਾਣ ਦਾ ਕੋਈ ਪ੍ਰਬੰਧ ਕੀਤਾ ਗਿਆ। ਉਹ ਆਪਣੀ ਕਾਰ ਵਿਚ ਸ਼ਾਹਬਾਜ਼ ਨੂੰ ਹਸਪਤਾਲ ਲੈ ਕੇ ਗਏ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਮਾਲ ਦੇ ਪ੍ਰਬੰਧਕਾਂ ਤੇ ਖਿਡੌਣਾ ਗੱਡੀ ਚਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।