ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕੀਤੇ ਫ਼ੈਸਲਿਆਂ ਬਾਰੇ ਜਥੇਬੰਦੀ ਦੇ ਸਕੱਤਰ ਕੰਵਰ ਦਲੀਪ ਸਿੰਘ ਨੇ ਦਸਿਆ ਕਿ 15 ਅਗਸਤ ਨੂੰ ਪੰਜਾਬ ਭਰ ਵਿਚ ਦੋਹਾਂ ਫੋਰਮਾਂ ਦੇ ਸੱਦੇ ’ਤੇ ਹਜ਼ਾਰਾਂ ਟਰੈਕਟਰ ਜ਼ਿਲ੍ਹਿਆਂ ਤੇ ਤਹਿਸੀਲਾਂ ਵਿਚ ਮਾਰਚ ਕਰਨਗੇ ਤੇ ਇਨ੍ਹਾਂ ਮਾਰਚਾਂ ਵਿਚ ਹਿੱਸਾ ਲੈ ਰਹੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਤਿੰਨ ਅਪਰਾਧਕ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ।ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਹਰਿਆਣੇ ਦੇ ਬਾਰਡਰਾਂ ਉਤੇ ਚਲ ਰਹੇ ਮੋਰਚਿਆਂ ਦੇ 31 ਅਗਸਤ ਨੂੰ 200 ਦਿਨ ਪੂਰੇ ਹੋਣ ’ਤੇ ਲੱਖਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਦੇ ਇਕੱਠ ਕੀਤੇ ਜਾਣਗੇ।