ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਨਿਆ ਹੈ ਕਿ ਉਹਨਾਂ ਦੀ ਸਰਕਾਰ ਪਰਵਾਸ ਨੀਤੀ ਵਿੱਚ ਬਦਲਾਅ ਲਿਆਉਣ ਵਿੱਚ ਤੇਜ਼ੀ ਨਾਲ ਕੰਮ ਕਰ ਸਕਦੀ ਸੀ। ਆਪਣੇ ਯੂਟਿਊਬ ਚੈਨਲ ਉੱਤੇ ਜਾਰੀ ਤਾਜ਼ਾ ਵੀਡੀਓ ਵਿੱਚ ਉਨ੍ਹਾਂ ਨੇ ਇਸ ਬਾਰੇ ਵਿਸਥਾਰ ਵਿੱਚ ਚਰਚਾ ਵੀ ਕੀਤੀ ਹੈ।ਟਰੂਡੋ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੀ ਵਸੋਂ ਬਹੁਤ ਜ਼ਿਆਦਾ ਵਧ ਰਹੀ ਸੀ, ਜਿਸ ਕਾਰਨ ਉਹਨਾਂ ਦੀਆਂ ਰਿਹਾਇਸ਼ਾਂ ਅਤੇ ਬੁਨਿਆਦੀ ਢਾਂਚੇ ਉੱਤੇ ਦਬਾਅ ਪੈ ਰਿਹਾ ਸੀ। ”ਆਪਣੀ ਵਸੋਂ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਅਸੀਂ ਕੁਝ ਵੱਡਾ ਕੀਤਾ ਹੈ।”ਜਸਟਿਨ ਟਰੂਡੋ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਮੁਲਕ ਦੀ ਪਰਵਾਸ ਨੀਤੀ ਵਿੱਚ ਕਈ ਬਦਲਾਅ ਕੀਤੇ ਹਨ, ਖਾਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ, ਸਪਾਊਂਸ ਦੇ ਕੈਨੇਡਾ ਆਉਣ ਅਤੇ ਕੰਮ ਕਰਨ ਵਾਲੇ ਘੰਟਿਆਂ ਦੇ ਹਫ਼ਤਾਵਾਰੀ ਸਮੇਂ ਵਿੱਚ ਬਦਲਾਅ ਕੀਤਾ ਹੈ।ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਕੈਨੇਡਾ ਦੀ ਅਬਾਦੀ ਵਿੱਚ ਬੁਹਤ ਜ਼ਿਆਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਮਾੜੇ ਅਨਸਰ ਜਿਵੇਂ “ਜਾਅਲੀ ਕਾਲਜਾਂ ਅਤੇ ਵੱਡੀਆਂ ਕੰਪਨੀਆਂ ਆਪਣੇ ਹਿੱਤਾਂ ਲਈ” ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ੋਸ਼ਣ ਕਰਦੇ ਆਏ ਹਨ।ਟਰੂਡੋ ਮੁਤਾਬਕ ਇਸੇ ਦੇ ਮੱਦੇਨਜ਼ਰ “ਆਉਣ ਵਾਲੇ ਤਿੰਨ ਸਾਲਾਂ ਦੌਰਾਨ ਕੈਨੇਡਾ ਨੇ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ” ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਦੋ ਤਰ੍ਹਾਂ ਨਾਲ ਲੋਕ ਆਉਂਦੇ ਹਨ, ਲੇਕਿਨ ਪਰਵਾਸ ਬਾਰੇ ਪੁਰਾਣੀ ਯੋਜਨਾ ਸਿਰਫ਼ ਇੱਕ ਰਸਤੇ ਨੂੰ ਹੀ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾਂਦੀ ਸੀਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, ਕੈਨੇਡਾ ਵਿੱਚ ਦੋ ਤਰ੍ਹਾਂ ਦਾ ਪਰਵਾਸ ਹੁੰਦਾ ਹੈ। ਇੱਕ ਰਸਤਾ ਸਥਾਈ ਪਰਵਾਸ ਦਾ ਹੈ। ਉਹਨਾਂ ਕਿਹਾ, “ਜਦੋਂ ਪਰਿਵਾਰ ਕੈਨੇਡਾ ਆਉਂਦੇ ਹਨ, ਇੱਥੇ ਵਸਦੇ ਹਨ ਅਤੇ ਇਸ ਨੂੰ ਆਪਣਾ ਘਰ ਕਹਿੰਦੇ ਹਨ।”
ਟਰੂਡੋ ਨੇ ਦੱਸਿਆ ਕਿ ਕੈਨੇਡਾ ਸਰਕਾਰ ਪਿਛਲੇ ਕਈ ਦਹਾਕਿਆਂ ਤੋਂ ਸਿਰਫ਼ “ਸਥਾਈ ਨਾਗਰਿਕਾਂ ਦੀ ਸਹੀ ਗਿਣਤੀ ਤੈਅ ਕਰਦੀ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਨੇ ਆਰਜ਼ੀ ਤੌਰ ਉੱਤੇ ਕੈਨੇਡਾ ਆਉਣ ਵਾਲੇ ਲੋਕਾਂ, “ਕੌਮਾਂਤਰੀ ਵਿਦਿਆਰਥੀ, ਆਰਜ਼ੀ ਕਾਮੇ ਅਤੇ ਹੋਰਾਂ” ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਇਹ ਲੋਕ ਸੀਮਤ ਸਮੇਂ ਲਈਕੋਈ ਕੰਮ ਕਰਨ ਜਾਂ ਪੜ੍ਹਨ ਲਈ ਕੈਨੇਡਾ ਆਉਂਦੇ ਹਨ ਅਤੇ “ਜਦੋਂ ਕੰਮ ਹੋ ਜਾਂਦਾ ਹੈ ਜਾਂ ਉਹ ਆਪਣੀ ਡਿਗਰੀ ਪੂਰੀ ਕਰ ਲੈਂਦੇ ਹਨ, ਜ਼ਿਆਦਾਤਰ ਵਾਪਸ ਘਰ ਪਰਤ ਜਾਂਦੇ ਹਨ।” ਹਾਲਾਂਰਿ ਕੁਝ ਪਰਮਾਨੈਂਟ ਰੈਜ਼ੀਡੈਂਸ ਹਾਸਲ ਕਰਨ ਲਈ ਅਰਜ਼ੀ ਵੀ ਦਿੰਦੇ ਹਨ ਪਰ, “ਜ਼ਿਆਦਾਤਰ ਵਾਪਸ ਮੁੜ ਜਾਂਦੇ ਹਨ।”ਟਰੂਡੋ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੈਨੇਡਾ ਆਉਣ ਵਾਲੇ ਆਰਜ਼ੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਆਰਥਿਕਤਾ ਦੀ ਮੰਗ ਦੇ ਆਸਰੇ ਛੱਡ ਦਿੱਤਾ ਜਾਂਦਾ ਸੀ।ਉਨ੍ਹਾਂ ਨੇ ਕਿਹਾ, “ਇਹ ਆਮ ਤੌਰ ਉੱਤੇ ਸਾਡੀ ਅਬਾਦੀ ਦਾ ਇੱਕ ਛੋਟਾ ਹਿੱਸਾ ਹੀ ਹੁੰਦਾ ਸੀ। ਇਸ ਲਈ ਕਦੇ ਵੀ ਦੂਰ ਦਰਸੀ ਪਰਵਾਸ ਯੋਜਨਾ ਦਾ ਹਿੱਸਾ ਨਹੀਂ ਬਣਾਇਆ ਗਿਆ।”ਜਸਟਿਨ ਟਰੂਡੋ ਨੇ ਕਿਹਾ ਕਿ ਜਦੋਂ ਕਰੋਨਾ ਤੋਂ ਬਾਅਦ ਲਾਕਡਾਊਨ ਖੁੱਲ੍ਹਿਆ ਤਾਂ,” ਸਾਨੂੰ ਬਹੁਤ ਜਲਦੀ ਬਹੁਤ ਸਾਰੇ ਕਾਮਿਆਂ ਦੀ ਲੋੜ ਸੀ।” ”ਇਹ ਆਰਜ਼ੀ ਕਾਮੇ ਬਹੁਤ ਜਲਦੀ ਸਾਡੀ ਕਾਰਜ ਸ਼ਕਤੀ ਦਾ ਇੱਕ ਅਹਿਮ ਹਿੱਸਾ ਬਣ ਗਏ। ਇਸ ਲਈ ਉਨ੍ਹਾਂ ਨੂੰ ਆਪਣੇ ਪਰਵਾਸ ਦੇ ਪੱਧਰਾਂ ਦੀ ਯੋਜਨਾ ਵਿੱਚ ਸ਼ਾਮਲ ਨਾ ਕਰਨਾ ਇੱਕ ਭੁੱਲ ਸੀ।” ਇਸ ਭੁੱਲ਼ ਨੂੰ ਸੁਧਾਰਨ ਲਈ ਟਰੂਡੋ ਨੇ ਦੱਸਿਆ ਕਿ ਨਵੀਂ ਯੋਜਨਾ ਵਿੱਚ “ਸਥਾਈ ਅਤੇ ਅਸਥਾਈ ਦੋਵਾਂ ਪਰਵਾਸੀਆਂ ਲਈ ਟੀਚੇ ਤੈਅ” ਕਰਨ ਵਾਲੀ ਪਰਵਾਸ ਯੋਜਨਾ ਬਣਾਈ ਗਈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਉਹ ਕਿੰਨੇ ਹੋਰ ਲੋਕਾਂ ਲਈ ਘਰ ਅਤੇ ਬੁਨਿਆਦੀ ਢਾਂਚਾ ਤਿਆਰ ਕਰਨ।ਟਰੂਡੋ ਨੇ ਦੱਸਿਆ ਕਿ ਪਰਵਾਸ ਮੰਗ ਉੱਤੇ ਅਧਾਰਿਤ ਹੈ ਅਤੇ ਇਹ ਟੀਚੇ ਤੈਅ ਕਰਨ ਲਈ ਕੈਨੇਡਾ ਦੇ ਹਰ ਸੂਬੇ ਅਤੇ ਵੱਖ ਵੱਖ-ਖੇਤਰਾਂ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ। ਟਰੂਡੋ ਨੇ ਕਿਹਾ ਕਿ ਇਸ ਲਈ ਸੂਬਿਆਂ ਦੇ ਪ੍ਰੀਮੀਅਰਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਕਿਰਤ ਚਾਹੀਦੀ ਹੈ।