ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਸਮ ਖਾਸ ਰਹੇ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਮਾਰਕੋ ਮੈਂਡੀਸੀਨੋ ਨੇ ਅਗਲੀ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ। ਮੈਂਡੀਸੀਨੋ ਨੇ ਟਰਾਂਟੋ ਦੇ ਅਲਿੰਗਟਨ ਲਾਰੈਂਸ ਹਲਕੇ ਦੇ ਵੋਟਰਾਂ ਵੱਲੋਂ ਉਸ ਵਿਚ ਦਿਖਾਏ ਭਰੋਸੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਦਾ ਗਿਲਦਾ ਰਹੇਗਾ, ਪਰ ਐਤਕੀਂ ਚੋਣ ਨਹੀਂ ਲੜੇਗਾ। ਉਸ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਗਾਜ਼ਾ ਪੱਟੀ ਵਿੱਚਲੀ ਜੰਗ ਵਿੱਚ ਕੈਨੇਡਾ ਸਰਕਾਰ ਵਲੋਂ ਅਪਣਾਈ ਗਲਤ ਪਹੁੰਚ ਕਰ ਕੇ ਦੇਸ਼ ਦੀ ਸਾਖ਼ ਤੇ ਅਰਥਚਾਰੇ ਨੂੰ ਨੁਕਸਾਨ ਪੁੱਜਾ ਹੈ। ਮੈਂਡੀਸੀਨੋ ਨੇ ਦੱਸਿਆ ਕਿ ਉਹ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨੂੰ ਟੋਕਦਾ ਰਿਹਾ, ਜਿਸ ਕਰਕੇ ਉਸ ਨੂੰ ਜਸਟਿਨ ਟਰੂਡੋ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਮਾਰਕੋ ਨੇ 2015 ਦੀ ਚੋਣ ਮੌਕੇ ਟੋਰੀ ਆਗੂ ਈਵ ਐਡਮ ਨੂੰ ਹਰਾ ਕੇ ਇਸ ਹਲਕੇ ਤੋਂ ਜਿੱਤ ਦਰਜ ਕੀਤੀ ਸੀ।