ਟਰੰਪ ਦੀ ਧਮਕੀ,ਕੈਨੇਡਾ ਸਰਹੱਦ ਨੂੰ ਸੁਰੱਖਿਅਤ ਕਰਨ ਲਈ ਬਣਾ ਰਿਹੈ ਯੋਜਨਾ

ਕੈਨੇਡਾ ਦੀ ਸਰਕਾਰ ਅਮਰੀਕਾ ਨਾਲ ਲਗਦੀ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਕਰਨ ਲਈ 90 ਕਰੋੜ ਅਮਰੀਕੀ ਡਾਲਰ ਤੋਂ ਵੱਧ ਖ਼ਰਚ ਕਰਨ ਦੀ ਯੋਜਨਾ ਬਣਾ ਰਹੀ ਹੈ। ਸੀ.ਬੀ.ਸੀ. ਨਿਊਜ਼ ਪ੍ਰਸਾਰਕ ਨੇ ਵਿੱਤ ਮੰਤਰੀ ਡੋਮਿਨਿਕ ਲੇਬਲਾਂਕ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ। ਰਿਪੋਰਟ ਵਿਚ ਕਿਹਾ ਗਿਆ ਕਿ ਸਰਕਾਰ ਦੇ ਟੀਚਿਆਂ ਵਿਚ ਫੈਂਟਾਨਾਇਲ ਵਪਾਰ ਦਾ ਪਤਾ ਲਗਾਉਣਾ ਅਤੇ ਉਸ ’ਤੇ ਨਕੇਲ ਕਸਣਾ, ਨਵੇਂ ਕਾਨੂੰਨ ਲਾਗੂ ਕਰਨ ਵਾਲੇ ਸਾਧਨਾਂ ਨੂੰ ਪੇਸ਼ ਕਰਨਾ, ਸੰਚਾਲਨ ਤਾਲਮੇਲ ਵਿਚ ਸੁਧਾਰ ਕਰਨਾ, ਜਾਣਕਾਰੀ ਸਾਂਝੀ ਕਰਨਾ ਅਤੇ ਇਮੀਗ੍ਰੇਸ਼ਨ ਤੇ ਸ਼ਰਣ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਰਕਾਰ ਹੋਰ ਚੀਜ਼ਾਂ ਦੇ ਇਲਾਵਾ, ਨਵੇਂ ਡਰੱਗ-ਡਿਟੈਕਸ਼ਨ ਡੌਗ ਯੂਨਿਟਾਂ ਨੂੰ ਸਿਖਲਾਈ ਦੇਵੇਗੀ, ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਸਮਰਥਾ ਦਾ ਵਿਸਤਾਰ ਕਰੇਗੀ, ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੂੰ ਹੈਲੀਕਾਪਟਰਾਂ, ਡਰੋਨਾਂ ਅਤੇ ਮੋਬਾਈਲ ਨਿਗਰਾਨੀ ਟਾਵਰਾਂ ਨਾਲ ਲੈਸ ਕਰਨ, ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਲਈ ਸੰਯੁਕਤ ਸਟਰਾਈਕ ਫ਼ੋਰਸ ਲਈ ਫ਼ੰਡ ਅਲਾਟ ਕਰੇਗੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਦੇ ਅਖ਼ੀਰ ਵਿਚ ਐਲਾਨ ਕੀਤਾ ਸੀ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਹ ਅਮਰੀਕਾ ਵਿਚ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਅਣਸੁਲਝੇ ਮੁੱਦਿਆਂ ਕਾਰਨ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ’ਤੇ 25 ਫ਼ੀ ਸਦੀ ਟੈਰਿਫ਼ ਲਗਾਉਣਗੇ। ਉਨ੍ਹਾਂ ਚੀਨੀ ਸਮਾਨ’ਤੇ 10 ਫ਼ੀ ਸਦੀ ਨਿਰਯਾਤ ਡਿਊਟੀ ਜੋੜਨ ਦਾ ਵੀ ਵਾਅਦਾ ਕੀਤਾ।

Spread the love