ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦੀ ਇਤਿਹਾਸਕ ਜਿੱਤ ਤੋਂ ਬਾਅਦ ਬੁੱਧਵਾਰ ਨੂੰ ਟੈਸਲਾ ਦੇ ਸੀਈਓ ਐਲੋਨ ਮਸਕ ਦੀ ਜਾਇਦਾਦ ‘ਚ ਭਾਰੀ ਵਾਧਾ ਹੋਇਆ ਹੈ। ਫੋਰਬਸ ਦੀ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਮੁਤਾਬਕ ਉਸਦੀ ਜਾਇਦਾਦ $20.5 ਬਿਲੀਅਨ (7.73%) ਵੱਧ ਕੇ $285.2 ਬਿਲੀਅਨ ਹੋ ਗਈ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਨੇ ਟਰੰਪ ਦੀ ਚੋਣ ਮੁਹਿੰਮ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ ਅਤੇ ਉਨ੍ਹਾਂ ਦੀਆਂ ਰੈਲੀਆਂ ‘ਚ ਵੀ ਹਿੱਸਾ ਲਿਆ ਸੀ। ਟੈਸਲਾ ਦੇ ਸ਼ੇਅਰ ਬੁੱਧਵਾਰ ਨੂੰ 13% ਵੱਧ ਗਏ, ਸਟਾਕ ਦੀ ਕੀਮਤ $ 286.10 ਪ੍ਰਤੀ ਸ਼ੇਅਰ ਹੋ ਗਈ। ਪਿਛਲੇ ਦੋ ਦਿਨਾਂ ਵਿਚ ਟੈਸਲਾ ਦੇ ਸ਼ੇਅਰਾਂ ਵਿਚ ਲਗਭਗ 18% ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਵਿਰੋਧੀ ਈਵੀ ਨਿਰਮਾਤਾ ਰਿਵੀਅਨ ਦੇ ਸ਼ੇਅਰ 8%, ਲੂਸਿਡ ਗਰੁੱਪ 4% ਡਿੱਗੇ ਅਤੇ ਚੀਨ ਅਧਾਰਤ NIO ਦੇ ਸ਼ੇਅਰ 5.3% ਡਿੱਗ ਗਏ।ਹੋਰ ਦੌਲਤਮੰਦਾਂ ਦੀ ਵੀ ਜਾਇਦਾਦ ‘ਚ ਹੋਇਆ ਵਾਧਾ ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਵਜੋਂ ਟਰੰਪ ਦੀ ਜਿੱਤ ਤੋਂ ਬਾਅਦ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜ਼ੋਸ ਦੀ ਜਾਇਦਾਦ ਵਿਚ ਵੀ 5.7 ਬਿਲੀਅਨ ਡਾਲਰ (2.62%) ਦਾ ਵਾਧਾ ਹੋਇਆ ਹੈ, ਜਿਸ ਨਾਲ ਉਹ 222.1 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ।