ਉੱਤਰਪ੍ਰਦੇਸ਼ ਦੇ ਸੋਨਭੱਦਰ ਦੀ ਵਿਸ਼ੇਸ਼ ਅਦਾਲਤ ਨੇ ਦੂਧੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਰਾਮਦੁਲਾਰ ਗੌਂਡ ਨੂੰ ਇੱਕ ਨਾਬਾਲਗ ਨਾਲ ਜਬਰ-ਜਨਾਹ ਦੇ ਨੌਂ ਸਾਲ ਪੁਰਾਣੇ ਕੇਸ ਵਿੱਚ 25 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਐੱਮਪੀ-ਐੱਮਐੱਲਏ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਏਡੀਜੇ) ਅਹਿਸਨ ਉੱਲ੍ਹਾ ਖਾਨ ਨੇ ਦੋਸ਼ੀ ਨੂੰ ਦਸ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ। ਇਹ ਰਕਮ ਪੀੜਤਾ ਦੇ ਮੁੜ-ਵਸੇਬੇ ਲਈ ਵਰਤੀ ਜਾਵੇਗੀ। ਇਸ ਦੇ ਨਾਲ ਹੀ ਉਸ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਠਹਿਰਾਇਆ ਜਾਣਾ ਤੈਅ ਹੈ। ਲੋਕ ਨੁਮਾਇੰਦਗੀ ਕਾਨੂੰਨ ਮੁਤਾਬਕ ਕਿਸੇ ਵੀ ਨੁਮਾਇੰਦੇ ਨੂੰ ਦੋ ਜਾਂ ਉਸ ਤੋਂ ਵੱਧ ਸਾਲ ਦੀ ਸਜ਼ਾ ਹੋਣ ਦੀ ਸੂਰਤ ਵਿੱਚ ‘ਦੋਸ਼ ਸਿੱਧ’ ਹੋਣ ਦੀ ਤਰੀਕ ਤੋਂ ਸਦਨ ਦੀ ਮੈਂਬਰੀ ਲਈ ਅਯੋਗ ਮੰਨਿਆ ਜਾਵੇਗਾ। ਸਜ਼ਾ ਪੂਰੀ ਹੋਣ ਮਗਰੋਂ ਉਹ ਅਗਲੇ ਛੇ ਸਾਲਾਂ ਲਈ ਸਦਨ ਦੀ ਮੈਂਬਰਸ਼ਿਪ ਲਈ ਯੋਗ ਨਹੀਂ ਹੋਵੇਗਾ। ਵਿਸ਼ੇਸ਼ ਸਰਕਾਰੀ ਵਕੀਲ (ਪੋਕਸੋ) ਸੱਤਿਆਪ੍ਰਕਾਸ਼ ਤ੍ਰਿਪਾਠੀ ਨੇ ਕਿਹਾ ਕਿ ਅਦਾਲਤ ਨੇ 12 ਦਸੰਬਰ ਨੂੰ ਵਿਧਾਇਕ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸਜ਼ਾ ਸੁਣਾਉਣ ਲਈ 15 ਦਸੰਬਰ ਤਰੀਕ ਤੈਅ ਕੀਤੀ ਸੀ।