ਅਮਰੀਕੀ ਸੈਨੇਟਰ ਵੱਲੋਂ ਕੈਨੇਡਾ-ਅਮਰੀਕਾ ਚ ਕਤਲ ਦੀਆਂ ਸਾਜ਼ਿਸ਼ਾਂ ਚ ਭਾਰਤ ਦੀ ਕਥਿਤ ਭੂਮਿਕਾ ਦੀ ਆਲੋਚਨਾ
ਭਾਰਤ ਨਾਲ ਭੁ-ਰਾਜਨੀਤਿਕ ਸਾਂਝੇਦਾਰੀ ਵਧਾਉਂਦੇ ਅਮਰੀਕਾ ਲਈ ਕਸੂਤੀ ਸਥਿਤੀ
ਅਮਰੀਕਾ ਅਤੇ ਕੈਨੇਡਾ ਵਿਚ ਸਿੱਖ ਵੱਖਵਾਦੀਆਂ ਦੇ ਕਤਲ ਦੀਆਂ ਸਾਜ਼ਿਸ਼ਾਂ ਵਿਚ ਭਾਰਤ ਦੀ ਕਥਿਤ ਭੂਮਿਕਾ ਦੀ ਅਮਰੀਕੀ ਸੰਸਦ ਵਿਚ ਆਲੋਚਨਾ ਕੀਤੀ ਗਈ।
ਬੁੱਧਵਾਰ ਨੂੰ ਅਮਰੀਕਾ ਦੀ ਸੈਨੇਟ ਵਿਚ ਅੰਤਰ-ਰਾਸ਼ਟਰੀ ਦਮਨ ਬਾਰੇ ਹੋਈ ਸੁਣਵਾਈ ਦੌਰਾਨ ਭਾਰਤ ਦੀ ਕਥਿਤ ਭੂਮਿਕਾ ਦਾ ਕਈ ਵਾਰ ਜ਼ਿਕਰ ਆਇਆ। ਇਸ ਸੁਣਵਾਈ ਦੌਰਾਨ ਨੀਤੀਘਾੜੇ ਮੁੱਖ ਤੌਰ ‘ਤੇ ਚੀਨ, ਰੂਸ ਅਤੇ ਇਰਾਨ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ‘ਤੇ ਕੇਂਦਰਤ ਸਨ।
ਸੈਨੇਟ ਦੀ ਉਕਤ ਸੁਣਵਾਈ ਦੌਰਾਨ ਵਰਜੀਨੀਆ ਤੋਂ ਸੈਨੇਟਰ ਟਿਮ ਕੇਨ ਨੇ ਕਥਿਤ ਤੌਰ ‘ਤੇ ਭਾਰਤ ਵੱਲੋਂ ਸਮਰਥਿਤ ਕਤਲਾਂ ਦੀ ਸਾਜ਼ਿਸ਼ ਦੀ ਨਿੰਦਾ ਕੀਤੀ, ਜੋਕਿ ਸ਼ਾਇਦ ਕਿਸੇ ਹਾਈ-ਪ੍ਰੋਫ਼ਾਈਲ ਵਿਅਕਤੀ ਦੁਆਰਾ ਪਹਿਲੀ ਆਲੋਚਨਾ ਸੀ।
ਸੈਨੇਟਰ ਟਿਮ ਨੇ ਕਿਹਾ, ਅਸੀਂ ਅਕਸਰ ਕਹਿੰਦੇ ਹਾਂ ਕਿ ਅਸੀਂ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਹਾਂ – ਅਤੇ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ। ਪਰ ਇਹ ਇੱਕ ਸਨਮਾਨਯੋਗ ਲੋਕਤੰਤਰ ਦਾ ਵਿਹਾਰ ਨਹੀਂ ਹੈ।
ਸੁਣਵਾਈ ਦੀ ਸ਼ੁਰੂਆਤ ਵਿਚ ਕਮੇਟੀ ਦੇ ਚੇਅਰ, ਜੋਕਿ ਇੱਕ ਡੈਮੋਕਰੈਟ ਹਨ, ਨੇ ਕੈਨੇਡਾ ਅਤੇ ਅਮਰੀਕਾ ਵਿਚ ਸਿੱਖ ਵੱਖਵਾਦੀਆਂ ਦੇ ਕਤਲ ਦੀ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਜੁੜੇ ਹੋਣ ਦੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ।
ਸੈਨੇਟਰ ਟਿਮ ਕੇਨ ਨੇ ਵੌਲ ਸਟਰੀਟ ਜਰਨਲ ਅਖ਼ਬਾਰ ਦਾ ਇੱਕ ਆਰਟੀਕਲ ਵੀ ਪੜ੍ਹ ਕੇ ਸਾਂਝਾ ਕੀਤਾ ਜਿਸ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਹੱਤਿਆਵਾਂ ਦੀ ਸਾਜ਼ਿਸ਼ ਦੇ ਆਪਸ ਵਿਚ ਜੁੜੇ ਹੋਣ ਦੇ ਵੇਰਵੇ ਦਿੱਤੇ ਗਏ ਹਨ।
ਕੇਨ ਨੇ ਕਿਹਾ ਕਿ ਇਹ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ।
ਉਹਨਾਂ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਪਹਿਲੀ ਵਾਰ ਬੀਸੀ ਵਿਚ ਹਰਦੀਪ ਸਿੰਘ ਨਿੱਝਰ ਦੀ ਜੂਨ ਵਿੱਚ ਹੋਈ ਹੱਤਿਆ ਨਾਲ ਭਾਰਤ ਦਾ ਸਬੰਧ ਹੋਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਕਿਵੇਂ ਇਹਨਾਂ ਦਾਅਵਿਆਂ ਨੂੰ ਖਾਰਜ ਕਰਦਾ ਰਿਹਾ ਸੀ।
ਕੇਨ ਨੇ ਕਿਹਾ ਕਿ ਨਿਊਯਾਰਕ ਵਿੱਚ ਇੱਕ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਨਾਕਾਮ ਕੋਸ਼ਿਸ਼ ਵਿੱਚ ਇੱਕ ਭਾਰਤੀ ਅਧਿਕਾਰੀ ਦੇ ਸ਼ਾਮਲ ਹੋਣ ਦੇ ਅਮਰੀਕਾ ਦੇ ਇਲਜ਼ਾਮਾਂ ‘ਤੇ ਭਾਰਤ ਦਾ ਰਿਸਪਾਂਸ ਕੁਝ ਵੱਖਰਾ ਰਿਹਾ ਹੈ।
