ਗਾਜ਼ਾ ਵਿੱਚ ਬੇਕਸੂਰ ਨਾਗਰਿਕਾਂ ਦੀ ਮੌਤ ਤੇ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਵਾਸ਼ਿੰਗਟਨ, ਡੀ.ਸੀ, 4 ਦਸੰਬਰ (ਰਾਜ ਗੋਗਨਾ)-ਜੰਗਬੰਦੀ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ‘ਤੇ ਮੁੜ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਗਾਜ਼ਾ ‘ਚ ਮਰਨ ਵਾਲਿਆਂ ਦੀ ਗਿਣਤੀ 15,000 ਤੋਂ ਪਾਰ ਹੋ ਗਈ ਹੈ।ਯੁੱਧ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਨੇ ਚਿੰਤਾ ਜ਼ਾਹਰ ਕੀਤੀ ਹੈ।ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਜ਼ਰਾਈਲ ਕਿਸ ਤਰ੍ਹਾਂ ਆਪਣਾ ਬਚਾਅ ਕਰ ਰਿਹਾ ਹੈ, ਇਹ ਮਹੱਤਵਪੂਰਨ ਹੈ ਪਰ ਸਾਡਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।ਗਾਜ਼ਾ ਵਿੱਚ ਬੇਕਸੂਰ ਫਲਸਤੀਨੀ ਨਾਗਰਿਕਾਂ ਦੇ ਮਾਰੇ ਜਾਣ ਦਾ ਦੁੱਖ ਹੈ। ਨਾਗਰਿਕ ਦਿਖਾਈ ਦੇ ਰਹੇ ਹਨ ਅਤੇ ਗਾਜ਼ਾ ਦੀਆਂ ਵਿਨਾਸ਼ਕਾਰੀ ਤਸਵੀਰਾਂ ਦਿਲ ਦਹਿਲਾਉਣ ਵਾਲੀਆਂ ਹਨ। ਸਾਡਾ ਮੰਨਣਾ ਹੈ ਕਿ ਗਾਜ਼ਾ ਵਿੱਚ ਬੇਕਸੂਰ ਲੋਕਾਂ ਦੀ ਸੁਰੱਖਿਆ ਲਈ ਇਜ਼ਰਾਈਲ ਨੂੰ ਹੋਰ ਕੁਝ ਕਰਨ ਦੀ ਲੋੜ ਹੈ। ਹੈਰਿਸ ਨੇ ਕਿਹਾ, “ਰਾਸ਼ਟਰਪਤੀ ਬਿਡੇਨ ਅਤੇ ਮੈਂ ਗਾਜ਼ਾ ਅਤੇ ਵੈਸਟ ਬੈਂਕ ਲਈ ਭਵਿੱਖ ਦੀ ਤਲਾਸ਼ ਕਰ ਰਹੇ ਹਾਂ।ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਦੁਬਈ ‘ਚ ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦਾ ਸੁਰ ਇਹ ਹੈ ਕਿ ਜਦੋਂ ਵੀ ਇਹ ਜੰਗ ਖਤਮ ਹੋਵੇ, ਗਾਜ਼ਾ ਦਾ ਕੰਟਰੋਲ ਹਮਾਸ ਦੇ ਹੱਥ ਨਾ ਜਾਵੇ।

Spread the love