12 ਨਵੰਬਰ ਤੋਂ ਸੁਰੰਗ ’ਚ ਫਸੇ 41 ਮਜਦੂਰਾਂ ਨੂੰ ਬਾਹਰ ਕੱਢਣ ਲਈ ਜੱਦੋਜਹਿਦ ਜਾਰੀ

ਉੱਤਰਕਾਸ਼ੀ ਦੇ ਸਿਲਕਿਆਰਾ ਸੁਰੰਗ ’ਚ ਫਸੇ 41 ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸਾਂ ਨੂੰ ਬੀਤੇ ਕੱਲ੍ਹ ਮੁੜ ਧੱਕਾ ਲੱਗਿਆ ਜਦੋਂ ਸਾਜ਼ੋ-ਸਾਮਾਨ ਲਈ ਬਣਾਏ ਗਏ ਪਲੈਟਫਾਰਮ ’ਤੇ ਕੁਝ ਤਰੇੜਾਂ ਆ ਗਈਆਂ ਅਤੇ ਡਰਿਲਿੰਗ ਦਾ ਕੰਮ ਵਿਚਕਾਰ ਹੀ ਛੱਡਣਾ ਪੈ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜਿਸ ਪਲੈਟਫਾਰਮ ’ਤੇ 25 ਟਨ ਦੀ ਔਗਰ ਮਸ਼ੀਨ ਨੂੰ ਰੱਖਿਆ ਗਿਆ ਹੈ, ਉਸ ਨੂੰ ਪੱਕਾ ਕਰਨ ਮਗਰੋਂ ਹੀ ਡਰਿਲਿੰਗ ਸ਼ੁਰੂ ਹੋਵੇਗੀ। ਸੁਰੰਗ ਅੰਦਰੋਂ ਕਾਮਿਆਂ ਨੂੰ ਬਾਹਰ ਕੱਢਣ ਲਈ ਸਟੀਲ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ। ਪਹਿਲਾਂ ਬੁੱਧਵਾਰ ਰਾਤ ਨੂੰ ਆਖਿਆ ਜਾ ਰਿਹਾ ਸੀ ਕਿ ਮਜ਼ਦੂਰਾਂ ਨੂੰ ਕਿਸੇ ਸਮੇਂ ਵੀ ਸੁਰੰਗ ਅੰਦਰੋਂ ਬਾਹਰ ਕੱਢਿਆ ਜਾ ਸਕਦਾ ਹੈ ਪਰ ਵੀਰਵਾਰ ਦਾ ਪੂਰਾ ਦਿਨ ਬੀਤਣ ਮਗਰੋਂ ਵੀ ਕੋਈ ਕਾਮਯਾਬੀ ਨਹੀਂ ਮਿਲੀ। ਕੌਮਾਂਤਰੀ ਮਾਹਿਰ ਅਰਨੌਲਡ ਡਿਕਸ ਨੇ ਦੇਰ ਸ਼ਾਮ ਕਿਹਾ ਕਿ ਮਲਬੇ ਨੂੰ ਹਟਾਉਣ ਲਈ ਡਰਿਲਿੰਗ ਮਸ਼ੀਨ ਔਗਰ ਨੂੰ ਤੀਜੀ ਵਾਰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਨੂੰ ਲੋਹੇ ਦਾ ਢਾਂਚਾ ਆਉਣ ਕਾਰਨ ਅਮਰੀਕੀ ਮਸ਼ੀਨ ਛੇ ਘੰਟਿਆਂ ਤੱਕ ਮਲਬਾ ਨਹੀਂ ਹਟਾ ਸਕੀ ਸੀ। ਬੁੱਧਵਾਰ ਸ਼ਾਮ ਮਲਬੇ ਦੇ 45 ਮੀਟਰ ਅੰਦਰ ਤੱਕ ਡਰਿਲਿੰਗ ਪੂਰੀ ਕਰ ਲਈ ਗਈ ਸੀ ਪਰ ਉਸ ਮਗਰੋਂ ਮਲਬੇ ’ਚ ਲੋਹੇ ਦਾ ਸਰੀਆ ਮਿਲਣ ਕਾਰਨ ਪੰਜ-ਛੇ ਘੰਟੇ ਕੰਮ ਰੁਕਿਆ ਰਿਹਾ। ਔਗਰ ਮਸ਼ੀਨ ਨਾਲ ਡਰਿਲਿੰਗ ਕਰਕੇ ਉਸ ’ਚ ਛੇ-ਛੇ ਮੀਟਰ ਲੰਬੇ, 800 ਮਿਲੀਮੀਟਰ ਦੇ ਪਾਈਪਾਂ ਨੂੰ ਜੋੜ ਕੇ ਕਾਮਿਆਂ ਨੂੰ ਬਾਹਰ ਕੱਢਣ ਦਾ ਰਾਹ ਬਣਾਇਆ ਜਾ ਰਿਹਾ ਹੈ।

Spread the love