ਪਾਕਿਸਤਾਨ ‘ਚ ਖੰਡਰ ਹੋ ਰਹੀ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ

ਲਾਹੌਰ ਸ਼ਹਿਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਜਾਹਮਣ ਵਿਚਲਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਰੋੜੀ ਸਾਹਿਬ ਦਾ ਗੁੰਬਦ ਸਮੇਤ ਇਮਾਰਤ ਦਾ ਵੱਡਾ ਹਿੱਸਾ ਪਿਛਲੇ ਸਾਲ ਬਾਰਿਸ਼ਾਂ ਦੇ ਚੱਲਦਿਆਂ 8 ਜੁਲਾਈ ਨੂੰ ਢਹਿ ਗਈ ਸੀ । ਇਸ ਦੇ ਬਾਵਜੂਦ ਇਸ ਖੰਡਰ ‘ਚ ਤਬਦੀਲ ਹੋ ਰਹੀ ਇਸ ਮੁਕੱਦਸ ਯਾਦਗਾਰ ਦੀ ਪਾਕਿ ਸਰਕਾਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਿਸੇ ਵੀ ਭਾਰਤੀ ਸਿੱਖ ਜਥੇਬੰਦੀ ਨੇ ਸਾਰ ਨਹੀਂ ਲਈ । ਜਿਸ ਕਰਕੇ ਇਸ ਦੇ ਬਚੇ ਰਹਿ ਗਏ ਹਿੱਸੇ ਦੇ ਵੀ ਢਹਿ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ । ਇੰਡੀਆ ਪਾਕਿਸਤਾਨ ਹੈਰੀਟੇਜ ਕਲੱਬ ਦੇ ਆਦਿਲ ਰਿਆਜ਼ ਨੇ ਅੱਜ ਗੁਰਦੁਆਰਾ ਸਾਹਿਬ ਦੀ ਢਹਿ ਚੁਕੀ ਇਮਾਰਤ ਅਤੇ ਸੇਵਾ ਸੰਭਾਲ ਦੀ ਘਾਟ ਕਾਰਨ ਛੱਪੜ ‘ਚ ਤਬਦੀਲ ਹੋ ਚੁਕੇ ਪਵਿੱਤਰ ਸਰੋਵਰ ਦੀਆਂ ਤਾਜ਼ਾ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਸਰਹੱਦੀ ਜ਼ੀਰੋ ਲਾਈਨ ਤੋਂ ਸਿਰਫ਼ 1 ਕਿੱਲੋਮੀਟਰ ਦੂਰ ਲਾਹੌਰ ਦੀ ਬੇਦੀਆਂ ਰੋਡ ਦੇ ਅੰਤ ‘ਚ ਆਬਾਦ ਪਿੰਡ ਜਾਹਮਣ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਖ਼ੂਬਸੂਰਤ ਸਰੋਵਰ ਹੁਣ ਮੀਂਹ ਦੇ ਪਾਣੀ ਨਾਲ ਭਰ ਗਿਆ ਹੈ । ਗੁਰਦੁਆਰਾ ਸਾਹਿਬ ਦੀ ਤਾਰੀਖ਼ੀ ਇਮਾਰਤ ਦੀ ਹਾਲਤ ਹੀ ਬਹੁਤ ਮਾੜੀ ਹੈ ਙ ਸੰਬੰਧਿਤ ਮਹਿਕਮੇ ਵਲੋਂ ਇਸ ਦੀ ਕੋਈ ਸਾਂਭ-ਸੰਭਾਲ ਨਹੀਂ ਰੱਖੀ ਜਾ ਰਹੀ ਙ ਆਦਿਲ ਰਿਆਜ਼ ਨੇ ਅੱਗੇ ਲਿਖਿਆ ਹੈ ਕਿ ਸ਼ਾਇਦ ਪਾਕਿ ਦਾ ਕੋਈ ਵੀ ਸਰਕਾਰੀ ਵਿਭਾਗ ਇਸ ਅਸਥਾਨ ਦੀ ਹੋਂਦ ਤੋਂ ਜਾਣੂ ਨਹੀਂ ਹੈ , ਭਾਰਤੀ ਪਿੰਡ ਖਾਲੜਾ ਦੀ ਸਰਹੱਦ ਤੋਂ ਇਕ ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰ ਚਰਨ ਪਾਏ । ਗੁਰਦੁਆਰਾ ਸਾਹਿਬ ਦਾ 50 ਏਕੜ ਰਕਬਾ ਸੀ ਅਤੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ‘ਚ ਸ਼ਰਧਾਲੂ ਦੂਰ-ਦੂਰ ਤੋਂ ਇਸ਼ਨਾਨ ਕਰਨ ਆਉਂਦੇ ਸਨ , ਦੇਸ਼ ਦੀ ਵੰਡ ਤੋਂ ਪਹਿਲਾਂ ਇੱਥੇ ਵਿਸਾਖੀ ਅਤੇ 20 ਜੇਠ ਨੂੰ ਵੱਡਾ ਮੇਲਾ ਲੱਗਦਾ ਸੀ ।

Spread the love