ਬ੍ਰਿਟੇਨ ਦੇ ਕਈ ਵੱਡੇ ਸ਼ਹਿਰਾਂ ’ਚ ਪਿਛਲੇ ਇਕ ਹਫ਼ਤੇ ਤੋਂ ਹਿੰਸਾ ਦੇਖਣ ਨੂੰ ਮਿਲ ਰਹੀ ਹੈ। ‘ਦਿ ਸਨ’ ਨੇ ਅਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਸੱਜੇ ਪੱਖੀ ਸਮੂਹ ਦੇ ਲੋਕ ਫ਼ੇਸਬੁੱਕ ਗਰੁੱਪਾਂ ਰਾਹੀਂ 11 ਹੋਰ ਥਾਵਾਂ ’ਤੇ ਦੰਗਿਆਂ ਦੀ ਯੋਜਨਾ ਬਣਾ ਰਹੇ ਹਨ। ਇਹ ਲੋਕ ਪੁਲਿਸ ਤੋਂ ਬਚਣ ਲਈ ਫ਼ੇਸਬੁੱਕ ਗਰੁਪ ਦੀ ਵਰਤੋਂ ਕਰ ਰਹੇ ਹਨ।ਇਨ੍ਹਾਂ ਲੋਕਾਂ ਨੇ ਬਾਲੀਮੇਨਾ, ਨਿਊਕੈਸਲ, ਲਿਵਰਪੂਲ, ਸ਼੍ਰੇਅਸਬਰੀ, ਸੈਲਫ਼ੋਰਡ, ਟਾਊਨਟਨ, ਬਰਮਿੰਘਮ, ਡੋਵਰ, ਬੋਰਨੇਮਾਊਥ ਅਤੇ ਗਲਾਸਗੋ ਵਿਚ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਦੀ ਯੋਜਨਾ ਬਣਾਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਸੱਜੇ-ਪੱਖੀ ਫ਼ੇਸਬੁੱਕ ਸਮੂਹ ਨੇ ਇਸ ਹਫ਼ਤੇ ਦੇ ਅੰਤ ਵਿਚ ਯੋਜਨਾਬੱਧ ਪ੍ਰਦਰਸ਼ਨਾਂ ਬਾਰੇ ਜਾਣਕਾਰੀ ਪੋਸਟ ਕੀਤੀ ਹੈ।ਬ੍ਰਿਟੇਨ ਵਿਚ ਹਿੰਸਾ ਨੂੰ ਹੋਰ ਵਧਾਉਂਦੇ ਹੋਏ, ਇਨ੍ਹਾਂ ਲੋਕਾਂ ਦੀ ਯੋਜਨਾ ਨਵੇਂ ਇੰਗਲਿਸ਼ ਫ਼ੁਟਬਾਲ ਸੀਜ਼ਨ ਦੇ ਸ਼ੁਰੂਆਤੀ ਗੇਮਵੀਕ ’ਤੇ ਹਫ਼ੜਾ-ਦਫ਼ੜੀ ਮਚਾਉਣ ਦੀ ਹੈ। ਉਹ ਕਸਬੇ ਦੇ ਫ਼ਲਾਵਰ ਸ਼ੋਅ ਦੌਰਾਨ ਸ਼ਰਿਊਜ਼ਬਰੀ ਨੂੰ ਵੀ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਦੀ ਸ਼ੁਰੂਆਤ ਸ਼ੁੱਕਰਵਾਰ ਸ਼ਾਮ ਨੂੰ ਉਤਰੀ ਆਇਰਲੈਂਡ ਦੇ ਬਾਲੀਮੇਨਾ ਵਿਚ ਇਕ ਇਕੱਠ ਅਤੇ ਪ੍ਰਦਰਸ਼ਨ ਨਾਲ ਹੋਵੇਗੀ।ਪ੍ਰਦਰਸ਼ਨਕਾਰੀਆਂ ਨੇ ਫਿਰ ਸਨਿਚਰਵਾਰ ਨੂੰ ਲਿਵਰਪੂਲ, ਸ਼੍ਰੇਅਸਬਰੀ ਅਤੇ ਸੈਲਫ਼ੋਰਡ ਵਿਚ ਇਕੱਠੇ ਹੋਣ ਦਾ ਟੀਚਾ ਰਖਿਆ ਹੈ। ਫਿਰ ਟਾਊਨਟਨ, ਬਰਮਿੰਘਮ ਅਤੇ ਡੋਵਰ ਵਿਚ ਅਤੇ ਅਗਲੇ ਦਿਨ ਬੋਰਨੇਮਾਊਥ ਵਿਚ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ।