ਵਿਸਤਾਰਾ ਦੀ ਦਿੱਲੀ ਤੋਂ ਲੰਡਨ ਜਾ ਰਹੀ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਫਰੈਂਕਫਰਟ ਹਵਾਈ ਅੱਡੇ ’ਤੇ ਉਤਾਰਿਆ ਗਿਆ, ਹਾਲਾਂਕਿ ਬਾਅਦ ਵਿੱਚ ਇਹ ਧਮਕੀ ਝੂਠੀ ਨਿੱਕਲੀ। ਸ਼ਨਿੱਚਰਵਾਰ ਦੀ ਸਵੇਰ ਜਾਰੀ ਇਕ ਬਿਆਨ ਵਿਚ ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ 18 ਅਕਤੂਬਰ ਨੂੰ ਦਿੱਲੀ ਤੋਂ ਲੰਡਨ ਜਾਣ ਵਾਲੀ ਵਿਸਤਾਰਾ ਦੇ ਜਹਾਜ਼ UK17 ਨੂੰ ਸੋਸ਼ਲ ਮੀਡੀਆ ’ਤੇ ਸੁਰੱਖਿਆ ਖ਼ਤਰੇ ਬਾਰੇ ਜਾਣਕਾਰੀ ਮਿਲੀ ਸੀ। ਪ੍ਰੋਟੋਕੋਲ ਦੇ ਅਨੁਸਾਰ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਸਾਵਧਾਨੀ ਦੇ ਉਪਾਅ ਵਜੋਂ ਪਾਇਲਟਾਂ ਨੇ ਜਹਾਜ਼ ਨੂੰ ਫਰੈਂਕਫਰਟ ਵੱਲ ਮੋੜਨ ਦਾ ਫੈਸਲਾ ਕੀਤਾ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਜਹਾਜ਼ ਨੂੰ ਉਡਾਣ ਲਈ ਮਨਜ਼ੂਰੀ ਦੇ ਦਿੱਤੀ ਗਈ। ਪਿਛਲੇ ਕੁਝ ਦਿਨਾਂ ਵਿੱਚ ਭਾਰਤੀ ਜਹਾਜ਼ਾਂ ਦੁਆਰਾ ਸੰਚਾਲਿਤ ਲਗਭਗ 40 ਉਡਾਣਾਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਹਨ ਜੋ ਬਾਅਦ ਵਿੱਚ ਧੋਖਾਧੜੀ ਸਾਬਤ ਹੋਈਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਏਅਰਲਾਈਨਾਂ ਨੂੰ ਧੋਖਾਧੜੀ ਵਾਲੇ ਬੰਬ ਧਮਕਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿੱਚ ਦੋਸ਼ੀਆਂ ਨੂੰ ਨੋ-ਫਲਾਈ ਸੂਚੀ ਵਿੱਚ ਸ਼ਾਮਲ ਕਰਨਾ ਸ਼ਾਮਲ ਹੈ।
