ਸਾਊਥ ਵੈਸਟ ਵਾਟਰ ਨੇ ਬ੍ਰਿਕਸਹੈਮ, ਬੂਹੀ, ਕਿੰਗਸਵੇਅਰ, ਰੋਜ਼ਲੈਂਡ ਅਤੇ ਉੱਤਰੀ-ਪੂਰਬੀ ਪੈਗਨਟਨ ਦੇ ਨਿਵਾਸੀਆਂ ਨੂੰ ਬਿਮਾਰੀਆਂ ਤੋਂ ਬਚਣ ਲਈ ਟੂਟੀ ਦੇ ਪਾਣੀ ਨੂੰ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਹੈ ਕਿਉਂ ਕਿ UK ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ। ਇਸ ਇਲਾਕੇ ਦੇ ਦੋ ਦਰਜਨ ਤੋਂ ਵੱਧ ਲੋਕਾਂ ਵਿੱਚ ਪਾਣੀ ਤੋਂ ਹੋਣ ਵਾਲੀਆਂ ਡਾਇਰੀਆ ਵਰਗੀਆਂ ਬਿਮਾਰੀਆਂ ਦੀ ਪੁਸ਼ਟੀ ਹੋਈ ਹੈ ਜਦਕਿ 70 ਤੋਂ ਵੱਧ ਸ਼ੱਕੀ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੈਲਥ ਪ੍ਰੋਟੈਕਸ਼ਨ ਏਜੰਸੀ (ਯੂ.ਕੇ.ਐੱਚ.ਐੱਸ.ਏ.) ਨੇ ਕਿਹਾ ਕਿ ਇਹ ਪਾਣੀ ਤੋਂ ਪੈਦਾ ਹੋਣ ਵਾਲੀ ਬੀਮਾਰੀ ਕ੍ਰਿਪਟੋਸਪੋਰੀਡੀਅਮ ਨਾਂ ਦੇ ਪਰਜੀਵੀ ਕਾਰਨ ਫੈਲ ਰਹੀ ਹੈ। UKHSA ਦਾ ਕਹਿਣਾ ਹੈ ਕਿ ਪੈਰਾਸਾਈਟ, ਜਿਸ ਨੂੰ ਕ੍ਰਿਪਟੋ ਵੀ ਕਿਹਾ ਜਾਂਦਾ ਹੈ, ਕ੍ਰਿਪਟੋਸਪੋਰੀਡੀਓਸਿਸ ਨਾਮਕ ਬਿਮਾਰੀ ਦਾ ਕਾਰਨ ਬਣਦਾ ਹੈ। ਇਹ ਲੋਕਾਂ ਅਤੇ ਕੁਝ ਜਾਨਵਰਾਂ ਨੂੰ ਪ੍ਰਭਾਵਿਤ ਕਰਦਾ ਹੈ।
