ਭਾਰਤੀਆਂ ਨੂੰ ਅਸੀਂ ਆਪਣੀ ਫੌਜ ’ਚ ਭਰਤੀ ਨਹੀਂ ਕਰਨਾ ਚਾਹੁੰਦੇ: ਰੂਸ

ਰੂਸ ਨੇ ਆਸ ਜਤਾਈ ਹੈ ਕਿ ਉਨ੍ਹਾਂ ਦੀ ਫੌਜ ’ਚ ਭਰਤੀ ਭਾਰਤੀਆਂ ਦੀ ਵਤਨ ਵਾਪਸੀ ਨਾਲ ਸਬੰਧਤ ਮੁੱਦੇ ਦਾ ਫ਼ੌਰੀ ਹੱਲ ਨਿਕਲ ਆਵੇਗਾ। ਉਨ੍ਹਾਂ ਕਿਹਾ ਕਿ ਰੂਸੀ ਫੌਜ ’ਚ ਭਾਰਤੀਆਂ ਨੂੰ ਸਹਾਇਕ ਅਮਲੇ ਵਜੋਂ ਭਰਤੀ ਕੀਤਾ ਗਿਆ ਸੀ ਅਤੇ ਇਹ ਭਰਤੀ ਨਿਰੋਲ ਤਿਜਾਰਤੀ ਮਾਮਲਾ ਹੈ। ਰੂਸੀ ਸਰਕਾਰ ਵੱਲੋਂ ਇਸ ਮੁੱਦੇ ’ਤੇ ਪਹਿਲੀ ਟਿੱਪਣੀ ਕਰਦਿਆਂ ਰੂਸੀ ਮਿਸ਼ਨ ਦੇ ਇੰਚਾਰਜ ਰੋਮਨ ਬਾਬੂਸ਼ਕਿਨ ਨੇ ਕਿਹਾ ਕਿ ਮਾਸਕੋ ਕਦੇ ਵੀ ਨਹੀਂ ਚਾਹੁੰਦਾ ਸੀ ਕਿ ਭਾਰਤੀ ਉਨ੍ਹਾਂ ਦੀ ਫੌਜ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਜੰਗ ਦੇ ਸੰਦਰਭ ’ਚ ਰੂਸੀ ਫੌਜ ’ਚ ਭਰਤੀ ਭਾਰਤੀਆਂ ਦੀ ਗਿਣਤੀ ਨਿਗੂਣੀ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਇਸ ਮੁੱਦੇ ’ਤੇ ਅਸੀਂ ਭਾਰਤ ਸਰਕਾਰ ਨਾਲ ਹਾਂ। ਸਾਨੂੰ ਆਸ ਹੈ ਕਿ ਮੁੱਦੇ ਦਾ ਛੇਤੀ ਹੱਲ ਕੱਢ ਲਿਆ ਜਾਵੇਗਾ।’’ ਬਾਬੂਸ਼ਕਿਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕੋਲ ਭਾਰਤੀਆਂ ਦੀ ਫੌਜ ’ਚ ਭਰਤੀ ਦਾ ਮੁੱਦਾ ਮਜ਼ਬੂਤੀ ਨਾਲ ਚੁੱਕਿਆ ਸੀ। ਇਸ ਮਗਰੋਂ ਰੂਸ ਨੇ ਆਪਣੀ ਫੌਜ ’ਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਦੀ ਫੌਰੀ ਰਿਹਾਈ ਅਤੇ ਵਤਨ ਵਾਪਸੀ ਦਾ ਵਾਅਦਾ ਕੀਤਾ ਹੈ। ਬਾਬੂਸ਼ਕਿਨ ਨੇ ਕਿਹਾ ਕਿ ਇਸ ਮੁੱਦੇ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਪੱਸ਼ਟ ਹੈ ਕਿ ਰੂਸੀ ਅਧਿਕਾਰੀਆਂ ਨੇ ਭਾਰਤੀਆਂ ਨੂੰ ਫੌਜ ’ਚ ਭਰਤੀ ਕਰਨ ਦਾ ਕੋਈ ਐਲਾਨ ਨਹੀਂ ਕੀਤਾ ਸੀ। ਰੂਸੀ ਡਿਪਲੋਮੈਟ ਨੇ ਕਿਹਾ ਕਿ ਜ਼ਿਆਦਾ ਪੈਸਾ ਕਮਾਉਣ ਦੇ ਚੱਕਰ ’ਚ ਭਾਰਤੀ, ਫੌਜ ’ਚ ਭਰਤੀ ਹੋਣ ਲਈ ਰਾਜ਼ੀ ਹੋਏ ਸਨ। ਉਨ੍ਹਾਂ ਕਿਹਾ ਕਿ ਫੌਜ ’ਚ ਭਾਰਤੀਆਂ ਦੀ ਗਿਣਤੀ 50, 60 ਜਾਂ 100 ਹੋਵੇਗੀ ਜੋ ਵੱਡੇ ਪੱਧਰ ’ਤੇ ਯੂਕਰੇਨ ਨਾਲ ਚੱਲ ਰਹੀ ਜੰਗ ’ਚ ਨਿਗੂਣੀ ਹੈ। ਬਾਬੂਸ਼ਕਿਨ ਨੇ ਕਿਹਾ ਕਿ ਸਹਾਇਕ ਅਮਲੇ ਵਜੋਂ ਭਰਤੀ ਕੀਤੇ ਗਏ ਜ਼ਿਆਦਾਤਰ ਭਾਰਤੀ ਗ਼ੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਸਨ ਕਿਉਂਕਿ ਉਨ੍ਹਾਂ ਕੋਲ ਕੰਮ ਕਰਨ ਲਈ ਜਾਇਜ਼ ਵੀਜ਼ੇ ਨਹੀਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਭਾਰਤੀ ਸੈਲਾਨੀ ਵੀਜ਼ੇ ’ਤੇ ਰੂਸ ਆਏ ਸਨ। ਜੰਗ ਦੌਰਾਨ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਰੂਸੀ ਨਾਗਰਿਕਤਾ ਦੇਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਬਾਬੂਸ਼ਕਿਨ ਨੇ ਕਿਹਾ ਕਿ ਠੇਕੇ ਮੁਤਾਬਕ ਇਸ ਦਾ ਪਾਲਣ ਹੋਣਾ ਚਾਹੀਦਾ ਹੈ। ਭਾਰਤੀ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਦੋਵੇਂ ਮੁਲਕ ਭਾਰਤੀਆਂ ਨੂੰ ਤੇਜ਼ੀ ਨਾਲ ਵਤਨ ਵਾਪਸ ਲਿਆਉਣ ਦੇ ਰਾਹ ਲੱਭਣਗੇ।

Spread the love