ਕਿਸੇ ਦੇਸ਼ ਦੇ ਕੂਟਨੀਤਕਾਂ ਨੂੰ ਵਾਪਸ ਭੇਜਣ ਦੇ ਕੀ ਮਾਅਨੇ ਹਨ

ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਜਾਂਚ ਨੂੰ ਲੈ ਕੇ ਭਾਰਤ ਤੇ ਕੈਨੇਡਾ ਦਰਮਿਆਨ ਬੀਤੇ ਵਰ੍ਹੇ ਤੋਂ ਚਲ ਰਹੇ ਵਿਵਾਦ ਨੇ ਸੋਮਵਾਰ ਰਾਤ ਨੂੰ ਉਸ ਸਮੇਂ ਗੰਭੀਰ ਰੂਪ ਲੈ ਲਿਆ ਜਦੋਂ ਕੈਨੇਡਾ ਨੇ ਦਾਅਵਾ ਕੀਤਾ ਕਿ ਉਸ ਨੇ ਉੱਥੇ ਤੈਨਾਤ ਛੇ ਭਾਰਤੀ ਕੂਟਨੀਤਕਾਂ ਨੂੰ ਕੱਢਣ ਦਾ ਫ਼ੈਸਲਾ ਲਿਆ ਹੈ।ਇਨ੍ਹਾਂ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੀ ਸ਼ਾਮਲ ਸਨ।ਹਾਲਾਂਕਿ ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਖ਼ਾਰਜ ਕਰਦਿਆਂ ਦਾਅਵਾ ਕੀਤਾ ਕਿ ਉਸ ਨੇ ਖ਼ੁਦ ਆਪਣੇ ਕੈਨੇਡੀਅਨ ਮਿਸ਼ਨ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਹੋਰ ਕੂਟਨੀਤਿਕਾਂ ਨੂੰ ਵਾਪਸ ਆਉਣ ਲਈ ਕਿਹਾ ਹੈ।ਇਸ ਦੇ ਨਾਲ ਹੀ ਭਾਰਤ ਨੇ ਦਿੱਲੀ ਸਥਿਤ ਕੈਨੇਡਾ ਦੇ ਮਿਸ਼ਨ ਦੇ ਛੇ ਕੈਨੇਡੀਅਨ ਕੂਟਨੀਤਕਾਂ ਨੂੰ ਆਪਣੇ ਦੇਸ਼ ਜਾਣ ਲਈ ਕਿਹਾ ਹੈ।

ਇੱਕ ਕੂਟਨੀਤਕ ਜਾਂ ਡਿਪਲੋਮੈਟ ਉਹ ਪਬਲਿਕ ਸਰਵੈਂਟ (ਸਰਕਾਰੀ ਮੁਲਾਜ਼ਮ) ਹੈ ਜੋ ਕੌਮਾਂਤਰੀ ਸਬੰਧਾਂ ਨੂੰ ਵਿਕਸਿਤ ਕਰਨ ਦਾ ਕੰਮ ਕਰਦਾ ਹੈ।ਕੂਟਨੀਤਕ ਆਪਣੇ ਦੇਸ਼ ਦੀ ਵਿਦੇਸ਼ੀ ਨੀਤੀ ਨੂੰ ਲਾਗੂ ਕਰਨ ਵਿੱਚ ਮਦਦ ਕਰਦੇ ਹਨ।ਹਾਲਾਂਕਿ ਕਈ ਮੌਕਿਆਂ ਉੱਤੇ ਕੂਟਨੀਤਕ ਆਪਣੇ ਮੂਲ ਦੇਸ਼ ਵਿੱਚ ਵੀ ਸੇਵਾਵਾਂ ਨਿਭਾਉਂਦੇ ਹਨ ਪਰ ਬਹੁਤਾ ਕਰਕੇ ਉਹ ਵਿਦੇਸ਼ਾਂ ਵਿੱਚ ਖ਼ਾਸ ਤੌਰ ‘ਤੇ, ਕਿਸੇ ਦੂਤਾਵਾਸ ਜਾਂ ਕੌਂਸਲੇਟ ਵਿੱਚ ਤੈਨਾਤ ਹੁੰਦੇ ਹਨ।ਪੰਜਾਬ ਦੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਚੁੱਕੇ ਪ੍ਰੋਫ਼ੈਸਰ ਕੁਲਦੀਪ ਸਿੰਘ ਦੱਸਦੇ ਹਨ ਕਿ ਕੂਟਨੀਤੀ ਦਾ ਮੁੱਖ ਕੰਮ ਦੇਸ਼ਾਂ ਵਿਚਕਾਰ ਸ਼ਾਂਤੀਪੂਰਨ ਸਬੰਧਾਂ ਨੂੰ ਯਕੀਨੀ ਬਣਾਉਣਾ ਹੈ।ਉਹ ਕਹਿੰਦੇ ਹਨ ਕਿ ਇਸ ਵਿੱਚ ਵਪਾਰਕ ਸੌਦਿਆਂ ‘ਤੇ ਗੱਲਬਾਤ ਕਰਨਾ, ਆਪਸੀ ਸਮੱਸਿਆਵਾਂ ‘ਤੇ ਚਰਚਾ ਕਰਨਾ, ਨਵੀਆਂ ਨੀਤੀਆਂ ਨੂੰ ਲਾਗੂ ਕਰਨਾ ਅਤੇ ਵਿਵਾਦਾਂ ਨਾਲ ਨਜਿੱਠਣਾ ਸ਼ਾਮਲ ਹੋ ਸਕਦਾ ਹੈ।ਭਾਰਤ ਵਿੱਚ ਕੂਟਨੀਤਕ, ਸਰਕਾਰ ਦੀਆਂ ਕੇਂਦਰੀ ਸਿਵਲ ਸੇਵਾਵਾਂ ਦਾ ਹਿੱਸਾ ਹੁੰਦੇ ਹਨ, ਵਿਦੇਸ਼ਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਅਤੇ ਪ੍ਰਮੁੱਖ ਵਿਦੇਸ਼ੀ ਗੱਲਬਾਤ, ਸਮਝੌਤਿਆਂ ਦਾ ਪ੍ਰਬੰਧਨ ਕਰਨ ਵਰਗੀਆਂ ਮੁੱਖ ਭੂਮਿਕਾਵਾਂ ਨਿਭਾਉਂਦੇ ਹਨ।

ਜੇ ਕੋਈ ਦੇਸ਼ ਆਪਣੇ ਕੂਟਨੀਤਕ ਕਿਸੇ ਦੇਸ਼ ਤੋਂ ਵਾਪਸ ਬੁਲਾਉਂਦਾ ਹੈ ਜਾਂ ਫ਼ਿਰ ਕਿਸੇ ਦੇਸ਼ ਦੇ ਕੂਟਨੀਤਕਾਂ ਨੂੰ ਵਾਪਸ ਭੇਜ ਦਿੰਦਾ ਹੈ ਤਾਂ ਇਸ ਨੂੰ ਕੌਮਾਂਤਰੀ ਸਬੰਧਾਂ ਵਜੋਂ ਕਿਵੇਂ ਦੇਖਿਆ ਜਾਂਦਾ ਹੈ।ਇਸ ਸਵਾਲ ਦੇ ਜਵਾਬ ਵਿੱਚ ਚੇਨੱਈ ਤੋਂ ਅਜ਼ਾਦ ਤੌਰ ਉੱਤੇ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ਨਿਰੂਪਮਾ ਸੁਬਰਾਮਨੀਅਨ ਕਹਿੰਦੇ ਹਨ ਕਿ ਦੋ ਦੇਸ਼ਾਂ ਦੇ ਸਬੰਧਾਂ ਦੇ ਮਾਮਲੇ ਵਿੱਚ ਇਹ ਕੋਈ ਆਮ ਕਾਰਵਾਈ ਨਹੀਂ ਹੈ।“ਇਸ ਨੂੰ ਦੋ-ਦੇਸ਼ਾਂ ਦਰਮਿਆਨ ਇੱਕ ਸਖ਼ਤ ਰੁਖ਼ ਵਜੋਂ ਹੀ ਦੇਖਿਆ ਜਾਂਦਾ ਹੈ। ਕੂਟਨੀਤੀ ਦੇ ਮਾਹਰ ਜਾਣਦੇ ਹਨ ਕਿ ਮਾਮਲਾ ਮਹਿਜ਼ ਅਧਿਕਾਰੀਆਂ ਦੀ ਵਾਪਸੀ ਦਾ ਨਹੀਂ ਹੁੰਦਾ ਬਲਕਿ ਇਹ ਇੱਕ ਵੱਡੀ ਕਾਰਵਾਈ ਦਾ ਹਿੱਸਾ ਹੁੰਦਾ ਹੈ।”“ਹਾਲਾਂਕਿ ਹੈ ਇਹ ਇੱਕ ਬਹੁਤ ਹੀ ਗੰਭੀਰ ਅਤੇ ਚੁਣੌਤੀਪੂਰਨ ਸੁਨੇਹਾ ਪਹੁੰਚਾਉਣ ਦੀ ਕਾਰਵਾਈ ਹੈ ਜਿਸ ਉੱਤੇ ਵਿਰੋਧੀ ਕਾਰਵਾਈ ਦੀ ਸੰਭਾਵਨਾ ਹਮੇਸ਼ਾ ਰਹਿੰਦੀ ਹੈ।”ਉਹ ਕਹਿੰਦੇ ਹਨ ਕਿ ਅਸਲ ਵਿੱਚ ਮੁਲਕ ਵੱਡੀਆ ਤਾਕਤਾਂ ਪ੍ਰਤੀ ਅਜਿਹਾ ਰਵੱਈਆ ਅਪਣਾਉਣ ਤੋਂ ਮੁਕਾਬਲਤਨ ਬਹੁਤੀਵਾਰ ਝਿਜਕਦੇ ਹਨ।

Spread the love