ਜਦੋਂ ਇੱਕ ਲੋਕ ਸਭਾ ਹਲਕੇ ਤੋਂ 1,033 ਉਮੀਦਵਾਰ ਮੈਦਾਨ ‘ਚ ਆ ਗਏ !

ਲਗਭਗ ਤਿੰਨ ਦਹਾਕੇ ਪਹਿਲਾਂ ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਤਾਮਿਲਨਾਡੂ ਦੇ 1,000 ਤੋਂ ਵੱਧ ਕਿਸਾਨਾਂ ਨੇ ਅਪਣੀਆਂ ਸ਼ਿਕਾਇਤਾਂ ਵਲ ਧਿਆਨ ਖਿੱਚਣ ਲਈ ਲੋਕ ਸਭਾ ਚੋਣਾਂ ’ਚ ਇੱਕ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਚੋਣ ਕਮਿਸ਼ਨ ਨੂੰ ਈਰੋਡ ਜ਼ਿਲ੍ਹੇ ਦੇ ਮੋਦਕੁਰਿਚੀ ਤੋਂ ਅਚਾਨਕ 1,033 ਉਮੀਦਵਾਰਾਂ ਨੂੰ ਸ਼ਾਮਲ ਕਰਨ ਲਈ ਰਵਾਇਤੀ ਬੈਲਟ ਪੇਪਰ ਦੀ ਬਜਾਏ ਬੈਲਟ ਕਿਤਾਬਚਾ ਜਾਰੀ ਕਰਨਾ ਪਿਆ। ਮੋਦਕੁਰਿਚੀ ਦੇ 1033 ਕਿਸਾਨਾਂ ਨੇ 1996 ਦੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਤਾਂ ਚੋਣ ਕਮਿਸ਼ਨ ਨੂੰ ਅਖ਼ਬਾਰਾਂ ਵਾਂਗ ਬੈਲਟ ਪੇਪਰ ਛਾਪਣੇ ਪਏ ਸਨ ਅਤੇ ਚਾਰ ਫੁੱਟ ਤੋਂ ਵੱਧ ਉੱਚੇ ਬੈਲਟ ਬਾਕਸ ਰੱਖਣੇ ਪਏ ਸਨ। ਉਮੀਦਵਾਰਾਂ ਦੀ ਲੰਮੀ ਸੂਚੀ ਨੂੰ ਸ਼ਾਮਲ ਕਰਨ ਲਈ ਵੋਟਿੰਗ ਦੇ ਸਮੇਂ ਨੂੰ ਵੀ ਵਧਾ ਦਿਤਾ ਗਿਆ ਸੀ। ਉਸ ਚੋਣ ’ਚ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐਮ.ਕੇ.) ਦੀ ਸੁਬੁਲਕਸ਼ਮੀ ਜਗਦੀਸਨ ਨੇ ਏ.ਆਈ.ਏ.ਡੀ.ਐਮ.ਕੇ. ਦੇ ਆਰ.ਐਨ. ਕਿਟੂਸਾਮੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਜਗਦੀਸਨ ਕਿਟੂਸਾਮੀ ਅਤੇ ਇਕ ਆਜ਼ਾਦ ਉਮੀਦਵਾਰ ਨੂੰ ਛੱਡ ਕੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। 88 ਉਮੀਦਵਾਰਾਂ ਨੂੰ ਕੋਈ ਵੋਟ ਨਹੀਂ ਮਿਲੀ, ਜਦਕਿ 158 ਉਮੀਦਵਾਰਾਂ ਨੂੰ ਸਿਰਫ ਇਕ-ਇਕ ਵੋਟ ਮਿਲੀ। 1996 ਦੀਆਂ ਆਮ ਚੋਣਾਂ ’ਚ ਸੱਭ ਤੋਂ ਵੱਧ 13,000 ਉਮੀਦਵਾਰ ਸਨ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਸੁਰੱਖਿਆ ਜਮ੍ਹਾਂ ਰਾਸ਼ੀ 500 ਰੁਪਏ ਤੋਂ ਵਧਾ ਕੇ 10,000 ਰੁਪਏ ਕਰ ਦਿਤੀ ਸੀ।

Spread the love