H-1B ਵੀਜ਼ੇ ਨੂੰ ਨਵਿਆਉਣ ਸਬੰਧੀ ਪ੍ਰਕਿਰਿਆ ਨੂੰ ਵਾਈਟ ਹਾਊਸ ਦੀ ਮਨਜ਼ੂਰੀ

ਅਮਰੀਕਾ ਵਿਚ ਕੰਮ ਕਰਨ ਲਈ ਜ਼ਰੂਰੀ ਐਚ-1ਬੀ ਵੀਜ਼ਾ ਦੇ ਅਰਜ਼ੀਕਰਤਾਵਾਂ ਲਈ ਘਰੇਲੂ ਵੀਜ਼ਾ ਨਵਿਆਉਣ ਦੀ ਪ੍ਰਕਿਰਿਆ ਮੁੜ ਤੋਂ ਸ਼ੁਰੂ ਕਰਨ ਲਈ ਇਕ ਤਜਵੀਜ਼ ਨੂੰ ਵਾਈਟ ਹਾਊਸ ਦੀ ਮਨਜ਼ੂਰੀ ਮਿਲ ਗਈ ਹੈ। ਇਸ ਲਈ ਇਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਵਾਈਟ ਹਾਊਸ ਅਧੀਨ ਕੰਮ ਕਰਦੀ ਇਕ ਰੈਗੂਲੇਟਰੀ ਇਕਾਈ ਵੱਲੋਂ ਸਮੀਖਿਆ ਕੀਤੀ ਗਈ ਸੀ। ਇਹ ਕਦਮ ਅਮਰੀਕਾ ਵਿਚ ਤਕਨੀਕੀ ਖੇਤਰ ਵਿਚ ਕੰਮ ਕਰ ਰਹੇ ਕਈ ਭਾਰਤੀ ਪੇਸ਼ੇਵਰਾਂ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਪਾਇਲਟ ਪ੍ਰੋਗਰਾਮ ਸ਼ੁਰੂ ਵਿਚ 20 ਹਜ਼ਾਰ ਲੋਕਾਂ ਤੱਕ ਸੀਮਤ ਹੋਵੇਗਾ। ਇਸ ਸਾਲ ਜੂਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਵਾਈਟ ਹਾਊਸ ਵੱਲੋਂ ਇਸ ਯੋਜਨਾ ਦੇ ਐਲਾਨ ਤੋਂ ਕੁਝ ਮਹੀਨੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਦੱਸਣਯੋਗ ਹੈ ਕਿ 15 ਦਸੰਬਰ ਨੂੰ ਸੂਚਨਾ ਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ (ਓਆਈਆਰਏ) ਦੀ ਸਮੀਖਿਆ ਵੱਲੋਂ ਮਨਜ਼ੂਰੀ ਤੋਂ ਬਾਅਦ ਐਚ-1ਬੀ ਵੀਜ਼ਾ ਦੇ ਯੋਗ ਅਰਜ਼ੀਕਰਤਾਵਾਂ ਨੂੰ ‘ਵਰਕ ਵੀਜ਼ਾ’ ਨਵਿਆਉਣ ਲਈ ਵਿਦੇਸ਼ ਯਾਤਰਾ ਨਹੀਂ ਕਰਨੀ ਪਏਗੀ। ਗੌਰਤਲਬ ਹੈ ਕਿ ਓਆਈਆਰਏ ਅਮਰੀਕੀ ਰਾਸ਼ਟਰਪਤੀ ਦੇ ਕਾਰਜਕਾਰੀ ਦਫ਼ਤਰ ਦੇ ਅੰਦਰ ਪ੍ਰਬੰਧਨ ਅਤੇ ਬਜਟ ਦਫ਼ਤਰ ਦਾ ਇਕ ਵਿਧਾਨਕ ਹਿੱਸਾ ਹੈ।

Spread the love