ਜਸਟਿਨ ਟਰੂਡੋ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਵਜੋਂ ਨੌਂ ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਵਿਚਾਲੇ ਉਨ੍ਹਾਂ ਨੇ ਗਵਰਨਿੰਗ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।ਇਸ ਦਾ ਮਤਲਬ ਹੈ ਕਿ ਆਮ ਚੋਣਾਂ ਵਿੱਚ ਮੁਕਾਬਲਾ ਕਰਨ ਲਈ ਉਨ੍ਹਾਂ ਦੀ ਪਾਰਟੀ ਨੂੰ ਹੁਣ ਇੱਕ ਨਵਾਂ ਆਗੂ ਲੱਭਣਾ ਪਵੇਗਾ, ਜਦਕਿ ਇਨ੍ਹਾਂ ਚੋਣਾਂ ਵਿੱਚ ਪੋਲ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਹਾਰ ਵੱਲ ਵਧ ਰਹੀ ਹੈ।ਇਸ ਸਭ ਦੇ ਵਿਚਾਲੇ ਕੁਝ ਆਗੂ ਲਿਬਰਲ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋਣ ਦੀ ਉਮੀਦ ਕਰ ਰਹੇ ਹਨ।
ਟੋਰੰਟੋ ਦੀ ਸੰਸਦ ਮੈਂਬਰ ਕ੍ਰਿਸਟੀਆ ਫ੍ਰੀਲੈਂਡ ਟਰੂਡੋ ਦੀ ਟੀਮ ਦੇ ਸਭ ਤੋਂ ਜਾਣੇ-ਪਛਾਣੇ ਮੈਂਬਰਾਂ ਵਿੱਚੋਂ ਇੱਕ ਹੈ ਅਤੇ ਉਨ੍ਹਾਂ ਨੂੰ ਜਸਟਿਨ ਟਰੂਡੋ ਦੀ ਥਾਂ ਪ੍ਰਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਵਜੋਂ ਦੇਖਿਆ ਜਾ ਰਿਹਾ ਹੈ।
ਟਰੂਡੋ ਦੇ ਵਿਸ਼ੇਸ਼ ਸਲਾਹਕਾਰ ਦੇ ਰੂਪ ਵਿੱਚ ਕੰਮ ਕਰ ਰਹੇ 59 ਸਾਲਾ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੇ ਨੂੰ ਲੰਬੇ ਸਮੇਂ ਤੋਂ ਸਿਖਰਲੇ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਅਨੀਤਾ ਆਨੰਦ ਨੂੰ ਅਕਸਰ ਲਿਬਰਲ ਪਾਰਟੀ ਦੇ ਵਧੇਰੇ ਉਤਸ਼ਾਹੀ ਮੈਂਬਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 57 ਸਾਲਾ ਪੇਸ਼ੇ ਤੋਂ ਵਕੀਲ ਅਨੀਤਾ ਅਨੰਦ ਸਿਆਸਤ ਵਿੱਚ 2019 ਵਿੱਚ ਆਏ, ਜਦੋਂ ਉਨ੍ਹਾਂ ਨੂੰ ਟੋਰਾਂਟੋ ਦੇ ਠੀਕ ਬਾਹਰ ਓਕਵਿਲੇ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ।
ਸਾਬਕਾ ਕਾਰੋਬਾਰੀ ਅਤੇ ਅੰਤਰਰਾਸ਼ਟਰੀ ਵਪਾਰ ਮਾਹਰ ਫ੍ਰੈਂਕੋਇਸ-ਫਿਲਿਪ ਸ਼ੈਂਪੇਨ ਲਿਬਰਲ ਦੇ ਇਕ ਹੋਰ ਮੰਤਰੀ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਨਜ਼ਰ ਪਾਰਟੀ ਦੇ ਸਿਖਰਲੇ ਅਹੁਦਿਆਂ ਉਪਰ ਹੈ। ਪਰ ਵੱਡੇ ਅਹੁਦੇ ਤੱਕ ਪਹੁੰਚਣ ਦਾ ਉਨ੍ਹਾਂ ਦਾ ਸਫ਼ਰ ਆਨੰਦ ਦੀ ਤੁਲਨਾ ਵਿੱਚ ਹੌਲੀ ਰਫ਼ਤਾਰ ਵਾਲਾ ਰਿਹਾ ਹੈ।
ਟਰੂਡੋ ਦੀ ਤਰ੍ਹਾਂ ਜੌਲੀ ਵੀ ਮੌਨਟਰੀਅਲ ਖੇਤਰ ਦੀ ਨੁਮਾਇੰਦਗੀ ਕਰਦੇ ਹਨ। 45 ਸਾਲਾ ਮੇਲਨੀ ਜੌਲੀ ਇੱਕ ਜਾਣਿਆ-ਪਛਾਣਿਆਂ ਚਿਹਰਾ ਹਨ, ਜੋ 2021 ਤੋਂ ਵਿਸ਼ਵ ਪੱਧਰ ‘ਤੇ ਕੈਨੇਡਾ ਦੀ ਨੁਮਾਇੰਦਗੀ ਕਰ ਰਹੇ ਹਨ
57 ਸਾਲਾ ਡੋਮਿਨਿਕ ਲੇਬਲੌਂਕ ਟਰੂਡੋ ਦੇ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿੱਚੋਂ ਇੱਕ ਹਨ।ਉਨ੍ਹਾਂ ਦੀ ਦੋਸਤੀ ਡੂੰਘੀ ਹੈ, ਜਦੋਂ ਟਰੂਡੋ ਅਤੇ ਉਸ ਦੇ ਭੈਣ-ਭਰਾ ਛੋਟੇ ਸੀ ਤਾਂ ਉਦੋਂ ਲੇਬਲੌਂਕ ਨੇ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਸੀ।
ਉਨ੍ਹਾਂ ਕੋਲ ਮੁਸ਼ਕਲ ਪਲਾਂ ਵਿੱਚ ਵਿਭਾਗਾਂ ਨੂੰ ਸੰਭਾਲਣ ਦਾ ਹੁਨਰ ਹੈ, ਉਨ੍ਹਾਂ ਵਿੱਚ ਫ੍ਰੀਲੈਂਡ ਦੇ ਧਮਾਕੇਦਾਰ ਅਸਤੀਫ਼ੇ ਦੇ ਕੁਝ ਘੰਟਿਆਂ ਵਿੱਚ ਵਿੱਤ ਮੰਤਰੀ ਬਣਨਾ ਵੀ ਸ਼ਾਮਲ ਹੈ।