ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਬਾਬਾ ਬਿਧੀ ਚੰਦ ਸਾਹਿਬ ਤਰਨਾ ਦਲ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਦੀਪ ਸਿੰਘ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਤਰਨਾ ਦਲ ਹਰੀਆ ਬੇਲਾਂ ਵੱਲੋਂ ਬਾਬਾ ਨਾਗਰ ਸਿੰਘ, ਦਸ਼ਮੇਸ਼ ਤਰਨਾ ਦਲ ਲੁਧਿਆਣਾ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਨੇ ਸਾਂਝੇ ਤੌਰ ਤੇ ਗੁਰਮਤਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੇਪਤ ਤਰੀਕੇ ਨਾਲ ਅਹੁਦੇ ਤੋਂ ਫਾਰਗ ਕੀਤਾ ਗਿਆ ਹੈ। ਉਨ੍ਹਾਂ ਇਸ ਫੈਸਲੇ ਨੂੰ ਬਹੁਤ ਹੀ ਅਫਸੋਸਨਾਕ ਤੇ ਮੰਦਭਾਗਾ ਦਸਦਿਆ ਕਿਹਾ ਕਿ ਇਹ ਸਿੱਖ ਪੰਥ ਨੂੰ ਕਦਾਚਿਤ ਵੀ ਪ੍ਰਵਾਨ ਨਹੀਂ ਹੈ।ਇਸ ਸਬੰਧੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਇਕ ਜਾਰੀ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਅੱਜ ਤੋਂ ਪੰਦਰਾਂ ਵੀਹ ਸਾਲ ਤੋਂ ਪਹਿਲਾਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾਮੁਕਤੀ ਸਬੰਧੀ ਖਾਲਸਾ ਪੰਥ ਦੀ ਸਹਿਮਤੀ ਨਾਲ ਨਿਯਮ ਤਹਿ ਕਰਨ ਸਬੰਧੀ ਮੰਗ ਕੀਤੀ ਜਾ ਰਹੀ ਹੈ। ਕਿਉਂ ਨਹੀ ਇਸ ਸਬੰਧੀ ਨਿਯਮ ਬਨਾਏ ਗਏ। ਜਾਣ ਬੁੱਝ ਕੇ ਕਿਨਾਰਾਕੱਸੀ ਕਰਨੀ ਕੌਮ ਨੂੰ ਦੁਬਿਧਾ ‘ਚ ਰੱਖਣ ਵਾਲੀ ਗੱਲ ਹੈ। ਜੋ ਢੰਗ ਤਰੀਕਾ ਅਪਨਾਇਆ ਗਿਆ ਹੈ ਇਸ ਸਬੰਧੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਗੁਰਮਤਾ ਕੀਤਾ ਹੈ ਕਿ ਕੋਈ ਵੀ ਨਵਾਂ ਜਥੇਦਾਰ ਪ੍ਰਵਾਨ ਨਹੀਂ ਅਤੇ ਨਾ ਹੀ ਕਿਸੇ ਨੂੰ ਦਸਤਾਰ ਬੰਦੀ ਕਰਨ ਦਿਤੀ ਜਾਵੇਗੀ।
