ਕੀ ਯਾਲਟਾ ਸਮਝੌਤਾ ਦੁਹਰਾਇਆ ਜਾਵੇਗਾ ?

ਕੁਲਤਰਨ ਸਿੰਘ ਪਧਿਆਣਾ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਨਸਕੀ ਨੂੰ ਪਹਿਲਾ “ਤਾਨਾਸ਼ਾਹ” ਕਹਿ ਕੇ ਉਸਦਾ ਮਜ਼ਾਕ ਉਡਾਇਆ ਫਿਰ ਟਰੰਪ ਨੇ ਇਹ ਵੀ ਕਿਹਾ ਕਿ ਜ਼ੇਲੇਨਸਕੀ, ਜੋ ਪਹਿਲਾਂ ਇੱਕ ਕਾਮੇਡੀਅਨ ਸਨ, ਨੇ ਅਮਰੀਕਾ ਨੂੰ 350 ਬਿਲੀਅਨ ਡਾਲਰ ਖਰਚ ਕਰਨ ਲਈ ਮਨਾਇਆ, ਉਹ ਵੀ ਇੱਕ ਅਜਿਹੇ ਯੁੱਧ ਲਈ ਜੋ ਨਾ ਤਾਂ ਸ਼ੁਰੂ ਹੋਣਾ ਚਾਹੀਦਾ ਸੀ ਅਤੇ ਨਾ ਹੀ ਜਿੱਤਿਆ ਜਾ ਸਕਦਾ ਸੀ, ਉਸਤੋਂ ਬਾਅਦ ਵਾਇਟ ਹਾਉਸ ਦੇ ਉਵਲ ਦਫ਼ਤਰ ਵਿੱਚ ਜੋ ਕੁੱਝ ਵੀ ਵਾਪਰਿਆ ਉਹ ਸਭਦੇ ਸਾਹਮਣੇ ਹੈ। ਇਸ ਘਟਨਾਕ੍ਰਮ ਤੋਂ ਬਾਅਦ ਦੂਜੇ ਵਿਸ਼ਵ ਯੁੱਧ ਦੇ ਸਮੇਂ ਹੋਇਆ ਯਾਲਟਾ ਸਮਝੌਤਾ ਵੀ ਚਰਚਾ ਵਿੱਚ ਆਇਆ ਹੈ ਜਿਸਦੇ ਬਾਰੇ ਵੀ ਬਹੁਤ ਸਾਰੇ ਸਵਾਲ ਸਾਹਮਣੇ ਆ ਰਹੇ ਹਨ ਕਿ ਆਖਰ ਦੁਨੀਆਂ ਦਾ ਪ੍ਰਬੰਧ ਕਿ ਇੱਕ ਨਵੇਂ ਸਿਰੇ ਤੋਂ ਸਿਰਜਿਆ ਜਾ ਰਿਹਾ ਹੈ?

ਯਾਲਟਾ ਸਮਝੌਤਾ ਫਰਵਰੀ 1945 ਵਿੱਚ ਹੋਇਆ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਸਮਝੌਤਾ ਸੀ। ਇਹ ਦੂਜੀ ਵਿਸ਼ਵ ਯੁੱਧ ਦੇ ਅਖੀਰਲੇ ਦਿਨਾਂ ਵਿੱਚ ਸੋਵੀਅਤ ਯੂਨੀਅਨ, ਅਮਰੀਕਾ ਅਤੇ ਬ੍ਰਿਟੇਨ ਵਿੱਚਕਾਰ ਹੋਇਆ ਸੀ । ਇਹ ਸਮਝੌਤਾ ਯੂਰਪ ਤੇ ਦੁਨੀਆ ਦੇ ਭਵਿੱਖ ਦੀ ਰੂਪ-ਰੇਖਾ ਤੈਅ ਕਰਨ, ਜਰਮਨੀ ਦੀ ਵੰਡ, ਅਤੇ ਯੂਨਾਇਟੇਡ ਨੇਸ਼ਨਜ਼ ਦੀ ਸਥਾਪਨਾ ਬਾਰੇ ਹੋਇਆ ਸੀ। ਵਿਸ਼ਵ ਯੁੱਧ ਵਿੱਚ ਜਰਮਨੀ ਦੀ ਹਾਰ ਪੱਕੀ ਨਜ਼ਰ ਆ ਰਹੀ ਸੀ ਇਸ ਲਈ ਭਵਿੱਖ ਨੂੰ ਕਿਵੇਂ ਚਲਾਉਣਾ ਹੈ ਕਿਵੇਂ ਸਾਂਭਣਾ ਹੈ ਇਹ ਇਸ ਸਮਝੌਤੇ ਦਾ ਅਸਲ ਮੰਤਵ ਸੀ। ਵਿਸ਼ਵ ਯੁੱਧ ਤੋਂ ਬਾਅਦ ਦੋ ਵੱਡੀਆਂ ਤਾਕਤਾਂ ਸਾਹਮਣੇ ਸਨ ਇੱਕ ਅਮਰੀਕਾ ਅਤੇ ਦੂਜਾ ਸੋਵਿਅਤ ਯੂਨੀਅਨ।

ਯਾਲਟਾ ਕਾਨਫਰੰਸ 4 ਫਰਵਰੀ 1945 ਤੋਂ 11 ਫਰਵਰੀ 1945 ਤੱਕ, ਸੋਵੀਅਤ ਯੂਨੀਅਨ ਦੇ ਯਾਲਟਾ ਸ਼ਹਿਰ ਵਿੱਚ ਹੋਈ ਸੀ। ਇਸ ਕਾਨਫਰੰਸ ਵਿੱਚ ਉਸ ਸਮੇਂ ਦੇ ਤਿੰਨ ਮਹਾਨ ਨੇਤਾ ਸ਼ਾਮਲ ਹੋਏ ਸਨ ਜਿਸ ਵਿੱਚ ਜੋਸਫ਼ ਸਟਾਲਿਨ (ਸੋਵੀਅਤ ਯੂਨੀਅਨ) ,ਫ਼ਰੈਂਕਲਿਨ ਡੀ. ਰੂਜ਼ਵੈਲਟ (ਅਮਰੀਕਾ) ਅਤੇ ਵਿੰਸਟਨ ਚਰਚਿਲ (ਬ੍ਰਿਟੇਨ) ਸ਼ਾਮਲ ਸਨ‌। ਇਸ ਗੱਲਬਾਤ ਦਾ ਮੁੱਖ ਉਦੇਸ਼ ਯੂਰਪ, ਖਾਸ ਕਰਕੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੀ ਵੰਡ ਅਤੇ ਦੁਨੀਆ ਵਿੱਚ ਨਵੇਂ ਸ਼ਾਂਤੀ ਪ੍ਰਬੰਧ ਨੂੰ ਸਥਾਪਿਤ ਕਰਨ ਦਾ ਸੀ।

ਜਰਮਨੀ ਦੀ ਵੰਡ: ਜਰਮਨੀ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਜੋਕਿ ਸੋਵੀਅਤ ਯੂਨੀਅਨ, ਅਮਰੀਕਾ, ਬ੍ਰਿਟੇਨ, ਅਤੇ ਫ਼ਰਾਂਸ ਦੇ ਕੰਟਰੋਲ ਹੇਠ ਆਏ ਨਾਲ ਹੀ ਜਰਮਨੀ ਰਾਜਧਾਨੀ ਬਰਲਿਨ ਵੀ ਇਨ੍ਹਾਂ ਚਾਰ ਤਾਕਤਾਂ ਵਿੱਚ ਵੰਡ ਦਿੱਤੀ ਗਈ।

ਯੂਰਪ ਵਿੱਚ ਲੋਕਤੰਤਰ : ਯੂਰੋਪ ਦੇ ਕੁੱਝ ਮੁਲਕਾਂ ਖਾਸਕਰ ਪੋਲੈਂਡ ਵਿੱਚ ਇੱਕ ਨਵੀਂ ਲੋਕਤੰਤਰੀ ਸਰਕਾਰ ਬਣਾਉਣ ਦੀ ਵੀ ਯੋਜਨਾ ਸੀ, ਜਿਸ ਵਿੱਚ ਲੋਕਤੰਤਰਕ ਸਿਧਾਂਤ ਲਾਗੂ ਹੋਣ।

ਜਾਪਾਨ ਖਿਲਾਫ਼ ਯੁੱਧ : ਇਸ ਸਮਝੌਤੇ ਤਹਿਤ ਸੋਵੀਅਤ ਯੂਨੀਅਨ ਨੇ ਜਾਪਾਨ ਖਿਲਾਫ਼ ਯੁੱਧ ਸ਼ੁਰੂ ਕਰਨ ਲਈ ਵੀ ਸਹਿਮਤੀ ਦਿੱਤੀ ਸੀ।

ਸੰਯੁਕਤ ਰਾਸ਼ਟਰ (United Nations) ਦੀ ਸਥਾਪਨਾ : ਇੱਕ ਨਵਾਂ ਅੰਤਰਰਾਸ਼ਟਰੀ ਸੰਸਥਾਨ ਬਣਾਉਣ ‘ਤੇ ਸਹਿਮਤੀ ਹੋਈ, ਜੋ ਦੁਨੀਆ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕੰਮ ਕਰੇਗਾ ਜਿਸਨੂੰ ਅੱਜ ਯੂਨਾਇਟੇਡ ਨੇਸ਼ਨਜ਼ ਵਜੋਂ ਜਾਣਿਆਂ ਜਾਂਦਾ ਹੈ।

ਯਾਲਟਾ ਸਮਝੌਤਾ ਯੂਰਪ ਦੀ ਭਵਿੱਖ ਦੀ ਨਵੀਨੀਕਰਣ ਰਚਨਾ ਲਈ ਆਧਾਰ ਬਣਿਆ ਪਰ ਜਲਦ ਹੀ ਸੋਵੀਅਤ ਯੂਨੀਅਨ ਅਤੇ ਪੱਛਮੀ ਤਾਕਤਾਂ ਵਿਚਾਲੇ ਠੰਡੀ ਜੰਗ (Cold War) ਵੀ ਸ਼ੁਰੂ ਹੋ ਗਈ ਸੀ , ਕਿਉਂਕਿ ਸੋਵੀਅਤ ਯੂਨੀਅਨ ਨੇ ਆਪਣੇ ਪ੍ਰਭਾਵ ਵਾਲੇ ਖੇਤਰਾਂ ‘ਚ ਕਮਿਊਨਿਸਟ ਵਿਚਾਰਧਾਰਾ ਨੂੰ ਲਾਗੂ ਕੀਤਾ ਅਤੇ ਕਮਿਊਨਿਸਟ ਸਰਕਾਰਾਂ ਬਣਾਉਣ ਦਾ ਰਾਹ ਚੁਣਿਆ ਜਿਸਨੂੰ ਪੱਛਮੀ ਮੁਲਕਾਂ ਨੇ ਇੱਕ ਵੱਡੇ ਖ਼ਤਰੇ ਵਜੋਂ ਪੇਸ਼ ਕੀਤਾ ਸੀ। ਲੰਮੇ ਸਮੇਂ ਤੱਕ ਜਰਮਨੀ ਦੋ ਭਾਗਾਂ ਵਿੱਚ ਵੰਡੀ ਰਹੀ—ਪੱਛਮੀ ਜਰਮਨੀ (ਡੈਮੋਕ੍ਰੇਟਿਕ) ਅਤੇ ਪੂਰਵੀ ਜਰਮਨੀ (ਕਮਿਊਨਿਸਟ) ਅਤੇ 1949 ਵਿੱਚ ਸੰਯੁਕਤ ਰਾਸ਼ਟਰ ਦੀ ਸਥਾਪਨਾ ਵੀ ਹੋਈ। ਯਾਲਟਾ ਸਮਝੌਤਾ ਦੁਨੀਆ ਦੇ ਭਵਿੱਖ ਨੂੰ ਨਵੀਂ ਦਿਸ਼ਾ ਵਿੱਚ ਮੋੜਨ ਵਾਲਾ ਇਕ ਮਹੱਤਵਪੂਰਨ ਇਤਿਹਾਸਿਕ ਸਮਝੌਤਾ ਸੀ। ਹਾਲਾਂਕਿ ਇਸ ਦਾ ਕੁੱਝ ਹਿੱਸਾ ਵਿਵਾਦਿਤ ਵੀ ਰਿਹਾ, ਪਰ ਇਹ ਸਮਝੌਤਾ ਵਿਸ਼ਵ ਯੁੱਧ ਤੋਂ ਬਾਅਦ ਨਵੀਂ ਵਿਵਸਥਾ ਬਣਾਉਣ ਵਿੱਚ ਸਹਾਈ ਹੋਇਆ ਸੀ। ਅੱਜ ਇਸ ਸਮਝੌਤੇ ਦੀ ਤਰਜ਼ ਉੱਤੇ ਇਕ ਨਵੇਂ ਦੁਨਿਆਵੀ ਢਾਂਚੇ ਨੂੰ ਬਦਲਣ ਦੀਆਂ ਕਿਆਸ ਅਰਾਈਂਆ ਵੀ ਚੱਲ ਰਹੀਆਂ ਹਨ ,ਜਿਸ ਬਾਰੇ ਬਹੁਤ ਕੁੱਝ ਸੋਸ਼ਲ ਮੀਡੀਆ ਤੇ ਪੜਿਆ ਸੁਣਿਆ ਜਾ ਸਕਦਾ ਹੈ।

Spread the love