ਗੱਲ 2014 ਦੀ ਹੈ। ਜਦੋਂ ਪੱਛਮੀ ਭਾਰਤ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੂਣੇ ਦੇ ਘਾਹ ਦੇ ਮੈਦਾਨ ਵਾਲੇ ਖੇਤਰ ਵਿੱਚ ਸਿਧੇਸ਼ ਬ੍ਰਹਮਨਕਰ ਇੱਕ ਦਿਨ ਟਹਿਲ ਰਹੇ ਸਨ ਤੇ ਉਥੇ ਉਨ੍ਹਾਂ ਨੇ ਇੱਕ ਅਜੀਬ ਕਿਸਮ ਦਾ ਜਾਨਵਰ ਦੇਖਿਆ।ਉਸ ਜਾਨਵਰ ਨੂੰ ਦੇਖ ਕੇ ਉਹ ਉਲਝਣ ਵਿੱਚ ਪੈ ਗਏ ਕਿ ਕੀ ਇਹ ਇੱਕ ਬਘਿਆੜ ਹੈ ਜਾਂ ਜਾਨਵਰਾਂ ਦੀ ਕੋਈ ਹੋਰ ਨਸਲ ਹੈ।ਸਿਧੇਸ਼ ਬ੍ਰਹਮਨਕਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੂਣੇ ਦੇ ‘ਗਰਾਸਲੈਂਡ ਟਰੱਸਟ’ ਤੋਂ ਉਸ ਇਲਾਕੇ ਵਿੱਚ ਘੁੰਮਦੇ ਅਜਿਹੀ ਕਿਸਮ ਦੇ ਹੋਰ ਜਾਨਵਰਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ।ਇਹ ‘ਗਰਾਸਲੈਂਡ ਟਰੱਸਟ’ ਦੀ ਅਗਵਾਈ ਨਾਗਰਿਕਾਂ ਦਾ ਇੱਕ ਸਾਂਭ-ਸੰਭਾਲ ਸਮੂਹ ਕਰ ਰਿਹਾ ਹੈ।ਇਹ ਕਹਾਣੀਆਂ ਸੁਣਨ ਮਗਰੋਂ ਸਿਧੇਸ਼ ਬ੍ਰਹਮਨਕਰ ਆਪਣੇ ਸਾਥੀਆਂ ਨਾਲ ਅਜਿਹੇ ਜਾਨਵਰਾਂ ਦੀ ਨਸਲ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਵਿੱਚ ਜੁੱਟ ਗਏ।ਗਰਾਸਲੈਂਡ ਟਰੱਸਟ ਦੇ ਸੰਸਥਾਪਕ ਤੇ ਮੁਖੀ ਮੀਹੀਰ ਗੋਡਬੋਲੇ ਨੇ ਵੀ ਯਾਦ ਕਰਦਿਆਂ ਦੱਸਿਆ, “ਲਾਕਡਾਊਨ ਦੌਰਾਨ ਪੂਣੇ ਦੇ ਨੇੜੇ ਸਾਡੀ ਨਜ਼ਰ ਭੂਰੇ ਰੰਗ ਵਾਲੇ ਅਜਿਹੇ ਹੋਰ ਵੀ ਜਾਨਵਰਾਂ ‘ਤੇ ਗਈ ਸੀ।”ਨਮੂਨੇ ਇਕੱਠੇ ਹੋਣ ਮਗਰੋਂ ਜੀਨੋਮ ਕ੍ਰਮ ਰਾਹੀਂ ਸ਼ੱਕ ਸੱਚ ਸਾਬਤ ਹੋਏ ਅਤੇ ਪਤਾ ਲੱਗਿਆ ਕਿ ਇਹ ਇੱਕ ਬਘਿਆੜ-ਕੁੱਤੇ ਜਾਂ ਬਘਿਆੜ ਅਤੇ ਕੁੱਤੇ ਵਿਚਲੀ ਹਾਈਬ੍ਰਿਡ ਹੈ, ਜੋ ਬਘਿਆੜ ਅਤੇ ਕੁੱਤੇ ਦੇ ਸੁਮੇਲ ਨਾਲ ਬਣੀ ਹੈ। ਹਾਈਬ੍ਰਿਡ ਯਾਨੀ ਵੱਖ-ਵੱਖ ਕਿਸਮਾਂ/ਨਸਲਾਂ ਜਾਂ ਪ੍ਰਜਾਤੀਆਂ ਦੇ ਜਾਨਵਰਾਂ ਦੁਆਰਾ ਪੈਦਾ ਕੀਤੀ ਔਲਾਦ।”ਦੁਨੀਆ ਭਰ ਵਿੱਚ ਬਘਿਆੜ-ਕੁੱਤੇ ਦੇ ਹਾਈਬ੍ਰਿਡਾਈਜ਼ੇਸ਼ਨ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਜਦੋਂ ਕਿਸੇ ਖੇਤਰ ਵਿੱਚ ਬਘਿਆੜਾਂ ਦੀ ਆਬਾਦੀ ਘੱਟ ਜਾਂਦੀ ਹੈ ਅਤੇ ਉਹ ਸਾਥੀ ਨਹੀਂ ਲੱਭ ਪਾਉਂਦੇ, ਤਾਂ ਉਹ ਕੁੱਤਿਆਂ ਨਾਲ ਹਾਈਬ੍ਰਿਡਾਈਜ਼ ਕਰਦੇ ਹਨ।” ਪਿਛਲੇ ਕੁਝ ਦਹਾਕਿਆਂ ਤੋਂ, ਭਾਰਤੀ ਘਾਹ ਦੇ ਮੈਦਾਨਾਂ ਵਿੱਚ ਖੇਤੀ, ਚਰਾਉਣ, ਕੂੜਾ ਸੁੱਟਣ ਅਤੇ ਸ਼ਹਿਰੀਕਰਨ ਵਰਗੀਆਂ ਮਨੁੱਖੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। ਇਸ ਕਰਕੇ ਅਵਾਰਾ ਕੁੱਤਿਆਂ ਦਾ ਜੰਗਲੀ ਬਘਿਆੜਾਂ ਨਾਲ ਆਪਸੀ ਤਾਲਮੇਲ ਵੱਧ ਜਾਂਦਾ ਹੈ। ਪਰ ਇਹ ਹਾਈਬ੍ਰਿਡਾਈਜ਼ੇਸ਼ਨ ਬਘਿਆੜਾਂ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ। ਉਮਾ ਰਾਮਕ੍ਰਿਸ਼ਨਨ ਐੱਨਸੀਬੀਐੱਸ (ਨੈਸ਼ਨਲ ਸੈਂਟਰ ਫਾਰ ਬਾਇਓਲਾਜੀਕਲ ਸਾਇੰਸਿਜ਼) ਦੀ ਮੋਲੀਕਿਊਲਰ ਈਕੋਲੋਜਿਸਟ ਅਤੇ ਪ੍ਰੋਫੈਸਰ ਹਨ। ਉਨ੍ਹਾਂ ਦੀ ਲੈਬ ਵੱਲੋਂ ਕੀਤੇ ਗਏ ਜੀਨੋਮ ਕ੍ਰਮ ਕਰਕੇ ਭਾਰਤ ਵਿੱਚ ਬਘਿਆੜ-ਕੁੱਤੇ ਦੀ ਹੋਂਦ ਦੀ ਪੁਸ਼ਟੀ ਹੋਈ ਸੀ, ਉਨ੍ਹਾਂ ਨੇ ਇਸ ਮਾਮਲੇ ਬਾਰੇ ਹੋਰ ਵਿਸਥਾਰ ਨਾਲ ਦੱਸਿਆ ਹੈ। ਉਮਾ ਰਾਮਕ੍ਰਿਸ਼ਨਨ ਦੱਸਦੇ ਹਨ, “ਇਹ ਇਸ ਤਰ੍ਹਾਂ ਹੈ ਕਿ ਜੇ ਤੁਹਾਡੇ ਕੋਲ ਪੇਂਟ ਦੇ ਦੋ ਡੱਬੇ ਹਨ ਅਤੇ ਤੁਸੀਂ ਇਨ੍ਹਾਂ ਨੂੰ ਮਿਲਾਉਣਾ ਸ਼ੁਰੂ ਕਰ ਦਿੰਦੇ ਹੋ। ਤਾਂ ਹੁਣ ਉਹ ਉਵੇਂ ਨਹੀਂ ਰਹਿਣਗੇ ਜਿਵੇਂ ਪਹਿਲਾਂ ਸਨ। ਇਸੇ ਤਰ੍ਹਾਂ, ਹਾਈਬ੍ਰਿਡਾਈਜ਼ੇਸ਼ਨ ਇੱਕ ਪ੍ਰਜਾਤੀ ਦੇ ਜੀਨ ਪੂਲ ਨੂੰ ਮਿਲਾ ਦਿੰਦਾ ਹੈ।” “ਜੇ ਇੱਕ ਪ੍ਰਜਾਤੀ ਵਿੱਚ ਬਹੁਤ ਸਾਰੇ ਜਾਨਵਰ ਹਨ, ਜਿਵੇਂ ਕਿ ਇੱਕ ਵਿੱਚ ਬਹੁਤ ਸਾਰੇ ਕੁੱਤੇ, ਅਤੇ ਦੂਜੀ ਵਿੱਚ ਬਘਿਆੜਾਂ ਵਾਂਗ ਬਹੁਤ ਜ਼ਿਆਦਾ ਗਿਣਤੀ ਨਹੀਂ ਹੈ, ਤਾਂ ਸੰਭਾਵਨਾ ਹੈ ਕਿ ਕੁੱਤੇ ਜੀਨ ਪੂਲ ਨੂੰ ਮਿਲਾ ਸਕਦੇ ਹਨ ਅਤੇ ਅੰਤ ਵਿੱਚ ਬਘਿਆੜਾਂ ਦੀ ਕਿਸਮ ਖ਼ਤਮ ਹੋ ਸਕਦੀ ਹੈ।”-BBC