ਮੁੱਦਿਆਂ ਦੀ ਥਾਂ ਚਿਹਰਿਆਂ ’ਤੇ ਚੋਣਾਂ ਲੜ ਰਹੀਆਂ ਨੇ ਸਿਆਸੀ ਧਿਰਾਂ

ਮਹਿੰਦਰ ਸਿੰਘ ਰੱਤੀਆਂ
ਲੋਕ ਸਭਾ ਚੋਣਾਂ ਲਈ ਸੂਬੇ ਵਿੱਚ ਪ੍ਰਚਾਰ ਮੁਹਿੰਮ ਪੂਰੇ ਸਿਖਰ ’ਤੇ ਹੈ। ਵਰਤਮਾਨ ਸਮੇਂ ਪੰਜਾਬ ’ਚ ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ, ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ, ਕਿਸਾਨ-ਮਜ਼ਦੂਰ ਖੁਦਕੁਸ਼ੀਆਂ, ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਤੇ ਨੌਜਵਾਨਾਂ ਵਿੱਚ ਪਰਵਾਸ ਦਾ ਰੁਝਾਨ ਬਾਰੇ ਸਿਆਸੀ ਧਿਰਾਂ ਚੁੱਪ ਹਨ। ਫ਼ਰੀਦਕੋਟ ਰਾਖਵਾਂ ਹਲਕੇ ਤੋਂ ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰ ਵਿਰੋਧੀਆਂ ਖ਼ਿਲਾਫ਼ ਸਿੱਧੀ ਦੂਸ਼ਣਬਾਜ਼ੀ ਤੋਂ ਬਚ ਕੇ ਸੇਵਾ ਦਾ ਮੌਕਾ ਮੰਗ ਰਹੇ ਹਨ।
ਫ਼ਰੀਦਕੋਟ ਰਾਖਵਾਂ ਹਲਕੇ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਕਿਸੇ ਉਮੀਦਵਾਰ ਖ਼ਿਲਾਫ਼ ਬੋਲਣ ਦੀ ਥਾਂ ਦੱਬਵੀਂ ਸੁਰ ਨਾਲ ਮੋਦੀ ਸਰਕਾਰ ਖ਼ਿਲਾਫ਼ ਨੋਟਬੰਦੀ ਤੇ ਮਹਿੰਗਾਈ ਨੂੰ ਨਿਸ਼ਾਨਾ ਬਣਾ ਕੇ ‘ਮਾਨ’ ਸਰਕਾਰ ਦੇ ਨਾਂ ਅਤੇ ਸਰਕਾਰ ਦੀ ਕਰੀਬ 2 ਸਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੋਟਾਂ ਮੰਗਦੇ ਹੋਏ ਆਪਣੀ ਭਵਿੱਖ ਦੀ ਯੋਜਨਾ ਤੇ ਵਿਕਾਸ ਕਾਰਜਾਂ ਨੂੰ ਵੋਟਰਾਂ ਮੂਹਰੇ ਰੱਖ ਰਹੇ ਹਨ।
ਭਾਜਪਾ ਉਮੀਦਵਾਰ ਹੰਸ ਰਾਜ ਹੰਸ ਕਿਸੇ ਵੀ ਵਿਰੋਧੀ ਉਮੀਦਵਾਰ ਬਾਰੇ ਕੋਈ ਖੁਲਾਸਾ ਕਰਨ ਤੋਂ ਪ੍ਰਹੇਜ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਤੰਤਰ ’ਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਸੰਵਿਧਾਨਕ ਹੱਕ ਹੈ ਪਰ ਜਿਸ ਧੀਰਜ ਨਾਲ ਸੰਵਾਦ ਹੋਣਾ ਚਾਹੀਦਾ ਹੈ, ਉਹ ਗੁੰਮ ਹੈ ਅਤੇ ਬੜਬੋਲਾਪਣ ਤੇ ਭਾਸ਼ਾ ਪ੍ਰਦੂਸ਼ਣ ਭਾਰੂ ਹੋ ਰਿਹਾ ਹੈ।
ਕਾਂਗਰਸ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਦਬਵੀਂ ਸੁਰ ’ਚ ਆਪਣੇ ਵਿਰੋਧੀ ‘ਆਪ’ ਉਮੀਦਵਾਰ ’ਤੇ ਵਿਅੰਗ ਕੱਸ ਰਹੇ ਹਨ ਕਿ ਉਹ ਜਿਥੇ ਜਾਂਦੇ ਹਨ ਗੀਤ ‘ਨੀ ਮੈਂ ਚਾਦਰ ਕੱਢਦੀ’ ਸੁਣਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਇਥੇ ਚੋਣ ਜਲਸੇ ’ਚ 22 ਮਿੰਟ ਦੇ ਭਾਸ਼ਣ ਵਿੱਚ 12 ਮਿੰਟ ਚੁਟਕਲੇ ਸੁਣਾਏ। ਉਹ ਆਖਦੇ ਹਨ ਕਿ ‘ਆਪ’ ਸਰਕਾਰ ਨੇ ਲੋਕਾਂ ਨੂੰ ਗੁਮਰਾਹ ਕੀਤਾ ਹੈ।
ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੇ ਹਾਲੇ ਤੱਕ ਇਕ ਵੀ ਸ਼ਬਦ ਆਪਣੇ ਵਿਰੋਧੀ ਉਮੀਦਵਾਰਾਂ ਬਾਰੇ ਨਹੀਂ ਬੋਲਿਆ। ਉਹ ਚੋਣ ਜਲਸਿਆਂ ’ਚ ਆਪਣੀ ਗੱਲ ਹੀ ਰੱਖਦੇ ਹਨ ਤੇ ਸੇਵਾ ਦਾ ਇਕ ਮੌਕਾ ਮੰਗ ਰਹੇ ਹਨ। ਉਹ ਕਿਸੇ ਵਿਰੋਧੀ ਨੂੰ ਭੰਡਣ ਦੀ ਥਾਂ ਆਪਣੇ ਪਿਤਾ ਸ਼ੀਤਲ ਸਿੰਘ ਦੇ ਲਗਾਤਾਰ ਤਿੰਨ ਵਾਰ ਵਿਧਾਇਕ ਅਤੇ ਨਾਨਾ ਮਰਹੂਮ ਕੈਬਨਿਟ ਮੰਤਰੀ ਗੁਰਦੇਵ ਸਿੰਘ ਬਾਦਲ ਵੱਲੋਂ ਸਿਆਸਤ ’ਚ ਕੀਤੀ ਸੇਵਾ ਦਾ ਫਲ ਮੰਗ ਰਹੇ ਹਨ।

Spread the love