2 ਟਰੱਕਾਂ ਅਤੇ ਇਕ ਟਰੈਕਟਰ-ਟਰਾਲੀ ‘ਚੋਂ 63 ਕਿਲੋ ਅਫ਼ੀਮ ਬਰਾਮਦ ਕਰਕੇ ਜ਼ਿਲ੍ਹਾ ਦਿਹਾਤੀ ਦੇ ਥਾਣਾ ਗੁਰਾਇਆ ਦੀ ਪੁਲਿਸ ਨੇ ਪਿਓ-ਪੁੱਤਰ ਸਮੇਤ 4 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੁਰੀ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਗਿੱਦੜੀ, ਦੋਰਾਹਾ, ਜਰਨੈਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ਼ ਗੁਰੀ ਵਾਸੀ ਪਿੰਡ ਗਿੱਦੜੀ, ਦੋਰਾਹਾ, ਲੁਧਿਆਣਾ, ਹਰਮੋਹਨ ਸਿੰਘ ਉਰਫ਼ ਮੋਹਨਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮਾਣਕੀ, ਸਮਰਾਲਾ, ਲੁਧਿਆਣਾ ਅਤੇ ਜਗਜੀਤ ਸਿੰਘ ਉਰਫ਼ ਜੀਤਾ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਗਿੱਦੜੀ, ਦੋਰਾਹਾ, ਲੁਧਿਆਣਾ ਵਜੋਂ ਦੱਸੀ ਗਈ ਹੈ । ਟਰੱਕਾਂ ‘ਚ ਮਨੀਪੁਰ ਦੇ ਇੰਫਾਲ ਖੇਤਰ ‘ਚੋਂ ਚਾਹਪੱਤੀ ਲਿਆਂਦੀ ਸੀ । ਇਨ੍ਹਾਂ ਦੇ ਨਾਲ ਇਕ ਟਰੈਕਟਰ ਅਤੇ ਟਰਾਲੀ ਸੀ ਉਸ ਦੀ ਵੀ ਜਾਂਚ ਕੀਤੀ ਗਈ । ਮੁਲਜ਼ਮਾਂ ਨੇ ਵਾਹਨਾਂ ‘ਚ ਵਿਸ਼ੇਸ਼ ਬਕਸੇ ਬਣਾਏ ਹੋਏ ਸਨ, ਜਿਨ੍ਹਾਂ ਦੀ ਜਾਂਚ ਕਰਨ ‘ਤੇ ਗੁਰਪ੍ਰੀਤ ਸਿੰਘ ਦੇ ਟਰੱਕ ‘ਚੋਂ 10 ਕਿਲੋ, ਹਰਮੋਹਨ ਸਿੰਘ ਦੇ ਟਰੱਕ ‘ਚੋਂ 20 ਕਿਲੋ ਅਤੇ ਜਗਜੀਤ ਸਿੰਘ ਦੇ ਟਰੈਕਟਰ ਪਿੱਛੇ ਪਾਈ ਟਰਾਲੀ ‘ਚੋਂ 33 ਕਿਲੋ ਅਫ਼ੀਮ, ਕੁੱਲ 63 ਕਿਲੋ ਅਫ਼ੀਮ ਬਰਾਮਦ ਹੋਈ ਹੈ । ਪੁਲਿਸ ਪਾਰਟੀ ਨੇ ਚਾਰੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਵਾਹਨ ਆਪਣੇ ਕਬਜ਼ੇ ‘ਚ ਲੈ ਲਏ ਹਨ ।