ਨਿਊਯਾਰਕ, 9 ਜਨਵਰੀ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਆਸਟਿਨ ਵਿਚ ਬੀਤੇ ਦਿਨ ਵਾਪਰੇ ਇਕ ਸੜਕ ਹਾਦਸੇ ਵਿੱਚ ਤੇਲਗੂ ਮੂਲ ਦੇ ਭਾਰਤੀ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਭਾਰਤੀ ਦੀ ਪਛਾਣ ਸਾਈ ਰਾਜੀਵ ਰੈੱਡੀ ਮੁਕਾਰਾ (ਉਮਰ 33) ਸਾਲ ਵਜੋਂ ਹੋਈ ਹੈ। ‘ਗੋ ਫੰਡ ਮੀ’ ਪੇਜ਼ ਮੁਤਾਬਕ 7 ਜਨਵਰੀ 2024 ਦੀ ਸਵੇਰ ਨੂੰ, ਜਦੋਂ ਰਾਜੀਵ ਆਪਣੀ ਪਤਨੀ ਆਸ਼ਾ ਨਾਲ ਔਸਟਿਨ ਸਥਿਤ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਦਾ ਟਰੱਕ ਇੱਕ ਖੰਭੇ ਨਾਲ ਟਕਰਾ ਗਿਆ। ਬਚਾਅ ਟੀਮ ਵੱਲੋਂ ਉਨ੍ਹਾਂ ਨੂੰ ਵਾਹਨ ਵਿੱਚੋਂ ਬਾਹਰ ਕੱਢਣ ਤੋਂ ਪਹਿਲਾਂ ਲਗਭਗ ਇੱਕ ਘੰਟੇ ਤੱਕ ਉਹ ਦੋਵੇਂ ਵਾਹਨ ਵਿੱਚ ਫਸੇ ਰਹੇ।ਇਸ ਹਾਦਸੇ ਮਗਰੋਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਐਮਰਜੈਂਸੀ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਸੀ.ਪੀ.ਆਰ. ਦੇਣ ਤੋਂ ਬਾਅਦ ਰਾਜੀਵ ਰੈੱਡੀ ਦੇ ਦਿਲ ਦੀ ਧੜਕਣ ਮੁੜ ਸ਼ੁਰੂ ਹੋ ਗਈ। ਹਾਲਾਂਕਿ ਕੁੱਝ ਦੇਰ ਬਾਅਦ ਹੀ ਉਨ੍ਹਾਂ ਦੇ ਸਰੀਰ ਨੇ ਹਿਲ-ਜੁੱਲ ਬੰਦ ਕਰ ਦਿੱਤੀ, ਕਿਉਂਕਿ ਐਮਰਜੈਂਸੀ ਕੇਅਰ ਵਾਰਡ ਵਿਚ ਸਹੂਲਤਾਂ ਦੀ ਘਾਟ ਸੀ, ਜਿਸ ਕਾਰਨ ਉਨ੍ਹਾਂ ਨੂੰ ਟੈਕਸਾਸ ਦੇ ਟਾਇਲਰ ਵਿੱਚ ਸਥਿੱਤ ਇਕ ਟਰੌਮਾ ਕੇਅਰ ਵਿਚ ਏਅਰਲਿਫਟ ਕੀਤਾ ਗਿਆ। ਬਦਕਿਸਮਤੀ ਨਾਲ ਰਾਜੀਵ ਰੈੱਡੀ ਦੀ ਮੌਤ ਹੋ ਗਈ। ਪਤਨੀ ਆਸ਼ਾ ਰੈੱਡੀ ਜਿਸ ਨੇ ਇਹ ਸਭ ਕੁਝ ਅੱਖੀਂ ਦੇਖਿਆ, ਉਹ ਸਦਮੇ ਵਿੱਚ ਹੈ ਅਤੇ ਸਥਿੱਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ। ਗੋ ਫੰਡ ਮੀ ਪੇਜ਼ ‘ਤੇ ਰਾਜੀਵ ਰੈੱਡੀ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ।