ਆਸਟ੍ਰੇਲੀਆ ਵਿਚ ਰਹਿਣ ਵਾਲੇ ਇਕ ਸਿੱਖ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਹਾਲ ਹੀ ਦੇ ਮਹੀਨਿਆਂ ਵਿਚ ਉਸ ਨੂੰ ਕਈ ਵਾਰ ਨਸਲੀ ਰੂਪ ਨਾਲ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਸ ਨੂੰ ਵਾਪਸ ਦੇਸ਼ ਪਰਤਨ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ । ਇੱਥੇ ਹੀ ਬੱਸ ਨਹੀਂ ਉਸ ਦੀ ਕਾਰ ‘ਤੇ ਕੁੱਤੇ ਦੀ ਗੰਦਗੀ ਨੂੰ ਵੀ ਸੁੱਟਿਆ ਗਿਆ ਹੈ । ਤਸਮਾਨੀਆ ਦੇ ਹੋਬਰਟ ਵਿਚ ਇਕ ਰੈਸਟੋਰੈਂਟ ਚਲਾਉਣ ਵਾਲੇ ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਦੋ ਤੋਂ ਤਿੰਨ ਮਹੀਨਿਆਂ ਤੋਂ ਲਗਾਤਾਰ ਨਸਲੀ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮੇਰੇ ਨਾਲ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ । ਜਰਨੈਲ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ, ਉਨ੍ਹਾਂ ਦੀ ਕਾਰ ਦੇ ਦਰਵਾਜ਼ੇ ਦੇ ਹੈਾਡਲ ‘ਤੇ ਲਗਾਤਾਰ ਚਾਰ ਜਾਂ ਪੰਜ ਦਿਨ ਕੁੱਤੇ ਦੀ ਗੰਦਗੀ ਸੁੱਟੀ ਗਈ । ਉਨ੍ਹਾਂ ਦੇ ਰੈਸਟੋਰੈਂਟ ਦੀਆਂ ਦੀਵਾਰਾਂ ‘ਤੇ ਵੀ ਨਸਲੀ ਚਿੱਤਰ ਦੇਖੇ ਗਏ ਜਿਸ ਵਿਚ ਲਿਖਿਆ ਸੀ ਕਿ ‘ਆਪਣੇ ਦੇਸ਼ ਜਾਓ, ਭਾਰਤੀਓ’ । ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਪਰ ਵੀਡੀਓ ਤੋਂ ਬਿਨਾਂ ਪਤਾ ਲਗਾਉਣਾ ਕਾਫੀ ਮੁਸ਼ਕਿਲ ਹੈ । ਤਸਮਾਨੀਆ ਪੁਲਿਸ ਕਮਾਂਡਰ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ।