ਕਰਨਾਟਕ: 60 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰਾਰ

ਕਰਨਾਟਕ ਸਰਕਾਰ ਨੇ ਅੱਜ ਇੱਥੇ 60 ਸਾਲ ਤੋਂ ਵੱਧ ਉਮਰ ਦੇ ਅਜਿਹੇ ਲੋਕਾਂ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ, ਜੋ ਖੰਘ, ਬਲਗਮ ਅਤੇ ਬੁਖਾਰ ਸਣੇ ਹੋਰ ਬਿਮਾਰੀਆਂ ਤੋਂ ਪੀੜਤ ਹਨ। ਕਰਨਾਟਕ ਸਰਕਾਰ ਨੇ ਗੁਆਂਢੀ ਸੂਬੇ ਕੇਰਲਾ ਵਿੱਚ ਕੋਵਿਡ-19 ਦਾ ਸਬ-ਵੇਰੀਐਂਟ ਜੇਐੱਨ.1 ਦਾ ਇੱਕ ਮਾਮਲਾ ਸਾਹਮਣੇ ਆਉਣ ਮਗਰੋਂ ਇਹ ਕਦਮ ਚੁੱਕਿਆ ਹੈ। ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਅਜਿਹੇ ਲੱਛਣ ਵਾਲੇ ਲੋਕਾਂ ਅਤੇ ਸ਼ੱਕੀ ਮਾਮਲਿਆਂ ਦੀ ਜਾਂਚ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੀ ਆਵਾਜਾਈ ਅਤੇ ਉਨ੍ਹਾਂ ਇਕੱਠੇ ਹੋਣ ’ਤੇ ਹੁਣ ਕਿਸੇ ਤਰ੍ਹਾਂ ਦੀ ਪਾਬੰਦੀ ਦੀ ਲੋੜ ਨਹੀਂ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਇਸ ਸਬੰਧੀ ਇੱਕ ਐਡਵਾਈਜ਼ਰੀ ਜਾਰੀ ਕਰੇਗੀ। ਰਾਓ ਨੇ ਕਿਹਾ, ‘‘ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਸ਼ਨਿਚਰਵਾਰ ਨੂੰ ਇੱਕ ਮੀਟਿੰਗ ਕੀਤੀ ਸੀ ਤੇ ਡਾ. ਕੇ. ਰਵੀ ਦੀ ਅਗਵਾਈ ਵਾਲੀ ਸਾਡੀ ਤਕਨੀਕੀ ਸਲਾਹਕਾਰ ਕਮੇਟੀ ਨੇ ਬੀਤੇ ਦਿਨ ਮੁਲਾਕਾਤ ਕੀਤੀ ਸੀ ਅਤੇ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਸਾਡੀ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਚਰਚਾ ਹੋਈ ਹੈ।’’ ਉਨ੍ਹਾਂ ਕਿਹਾ, ‘‘60 ਸਾਲ ਤੋਂ ਵੱਧ ਉਮਰ ਅਤੇ ਦਿਲ ਤੇ ਗੁਰਦੇ ਸਬੰਧੀ ਬਿਮਾਰੀਆਂ ਅਤੇ ਖੰਘ, ਬਲਗਮ ਅਤੇ ਬੁਖਾਰ ਤੋਂ ਪੀੜਤ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਹੈ। ਅਸੀਂ ਲੋਕਾਂ ਨੂੰ ਇਹ ਸੂਚਨਾ ਦੇ ਰਹੇ ਹਾਂ। ਨਾਲ ਹੀ ਅਸੀਂ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੂੰ ਤਿਆਰ ਰਹਿਣ ਲਈ ਕਿਹਾ ਹੈ। ਕੇਡਾਗੂ, ਦੱਖਣੀ ਕੰਨੜ, ਚਾਮਰਾਜਨਗਰ ਵਰਗੇ ਸਰਹੱਦੀ ਜ਼ਿਲ੍ਹਿਆਂ ਵਿੱਚ ਵੱਧ ਨਿਗਰਾਨੀ ਹੋਣੀ ਚਾਹੀਦੀ ਹੈ, ਜਿਨ੍ਹਾਂ ਦੀ ਹੱਦ ਕੇਰਲਾ ਨਾਲ ਲੱਗਦੀ ਹੈ।’’ ਸਿਹਤ ਮੰਤਰੀ ਨੇ ਕਿਹਾ, ‘‘ਕੁੱਝ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਕਿ ਲਾਗ ਦੇ ਮਾਮਲੇ ਵਧ ਰਹੇ ਹਨ ਜਾਂ ਨਹੀਂ। ਜੇਕਰ ਲਾਗ ਦੇ ਹੋਰ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਅਸੀਂ ਅਗਲੇ ਕਦਮਾਂ ਦਾ ਫ਼ੈਸਲਾ ਲਵਾਂਗੇ।’’

Spread the love